ਸੋਸ਼ਲ ਮੀਡੀਆ ’ਤੇ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਕੇਸ ਦਰਜ
ਗਗਨਦੀਪ ਅਰੋੜਾ
ਲੁਧਿਆਣਾ, 14 ਨਵੰਬਰ
ਇਥੋਂ ਦੀ ਪੁਲੀਸ ਨੇ ਅੱਜ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਅਤੇ ਪ੍ਰਚਾਰ ਕਰਨ ਦੇ ਦੋਸ਼ ਹੇਠ ਸ਼ਹਿਰ ਦੇ ਚਾਰ ਪ੍ਰਮੁੱਖ ਹਿੰਦੂ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਆਗੂਆਂ ਦੀ ਪਛਾਣ ਭਾਨੂੰ ਪ੍ਰਤਾਪ ਸਿੰਘ, ਪ੍ਰਵੀਨ ਡੰਗ, ਚੰਦਰਕਾਂਤ ਚੱਢਾ ਤੇ ਰੋਹਿਤ ਸਾਹਨੀ ਦੱਸੀ ਗਈ ਹੈ। ਹਾਲਾਂਕਿ ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਕੋਈ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਨਹੀਂ ਕੀਤੀ ਹੈ ਤੇ ਨਾ ਹੀ ਕਿਸੇ ਧਰਮ ਵਿਰੁੱਧ ਕੋਈ ਇਤਰਾਜ਼ਯੋਗ ਗੱਲ ਕਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਹੈਬੋਵਾਲ ਦੀ ਪੁਲੀਸ ਨੇ ਹਿੰਦੂ ਆਗੂ ਰੋਹਿਤ ਸਾਹਨੀ ਵਾਸੀ ਮੁਹੱਲਾ ਸਟਾਰ ਸਿਟੀ ਕਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਾਹਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਨਫ਼ਰਤ ਭਰਿਆ ਭਾਸ਼ਣ ਦਿੱਤਾ ਹੈ। ਇਸ ਮਗਰੋਂ ਰੋਹਿਤ ਸਾਹਨੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਉਹ ਵਕੀਲਾਂ ਰਾਹੀਂ ਅਦਾਲਤ ’ਚ ਜਵਾਬ ਦੇਵੇਗਾ। ਸਾਹਨੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਧਰਮ ਦਾ ਮੁੱਦਾ ਅੱਗੇ ਵੀ ਇਸੇ ਤਰ੍ਹਾਂ ਉਠਾਉਂਦਾ ਰਹੇਗਾ ਕਿਉਂਕਿ ਉਸ ਨੇ ਕਿਸੇ ਦੂਜੇ ਧਰਮ ਖ਼ਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈ। ਇਸ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਸ਼ਿਵ ਸੈਨਾ ਪੰਜਾਬ ਦੇ ਭਾਨੂੰ ਪ੍ਰਤਾਪ ਸਿੰਘ ਖ਼ਿਲਾਫ਼ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਭਾਨੂੰ ਪ੍ਰਤਾਪ ’ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਬਾਰੇ ਭਾਨੂੂੰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਉਸ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਭਾਨੂੰ ਪ੍ਰਤਾਪ ਨੇ ਦੋਸ਼ ਲਾਇਆ ਕਿ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਵੱਲੋਂ ਦਿੱਤੇ ਗਏ ਇਸ ਤੋਹਫ਼ੇ ਦਾ ਉਹ ਸਵਾਗਤ ਕਰਦਾ ਹੈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਸੋਸ਼ਲ ਮੀਡੀਆ ਸੈੱਲ ਦੀ ਜਾਂਚ ਦੌਰਾਨ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਮੁਖੀ ਅਤੇ ਹਿੰਦੂ ਨਿਆ ਪੀਠ ਸੰਸਥਾ ਦੇ ਮੈਂਬਰ ਪ੍ਰਵੀਨ ਡੰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਡੰਗ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਫੇਸਬੁੱਕ ਪ੍ਰੋਫਾਈਲ ’ਤੇ ਭੜਕਾਊ ਭਾਸ਼ਣ ਦੇਣ ਅਤੇ ਗਲਤ ਬਿਆਨਬਾਜ਼ੀ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਸ਼ਿਵ ਸੈਨਾ ਆਗੂ ਚੰਦਰਕਾਂਤ ਚੱਢਾ ’ਤੇ ਵੀ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਕਾਰਵਾਈ ਵੀ ਕੀਤੀ ਹੈ। ਚੱਢਾ ’ਤੇ ਪੁਲੀਸ ਨੇ ਧਾਰਾ 196 (1), 353 (2) ਬੀ.ਐਨ.ਐਸ. ਦੇ ਤਹਿਤ ਕੇਸ ਦਰਜ ਕੀਤਾ ਹੈ।