For the best experience, open
https://m.punjabitribuneonline.com
on your mobile browser.
Advertisement

ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਂ ’ਤੇ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ

07:28 AM Apr 18, 2024 IST
ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਂ ’ਤੇ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ
Advertisement

ਪੱਤਰ ਪ੍ਰੇਰਕ
ਮਾਨਸਾ, 17 ਅਪਰੈਲ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿੰਡ ਮੂਸਾ ਦੇ ਸਰਪੰਚ ਚਰਨ ਕੌਰ ਦੇ ਜਾਅਲੀ ਹਸਤਾਖ਼ਰ ਤੇ ਮੋਹਰ ਲਾ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਪੈਨਸ਼ਨ ਸਬੰਧੀ ਦਸਤਾਵੇਜ਼ ਤਿਆਰ ਹੋ ਕੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮਾਨਸਾ ਦੇ ਦਫ਼ਤਰ ਵਿੱਚ ਪੁੱਜੇ। ਦਸਤਾਵੇਜ਼ਾਂ ਵਿੱਚ ਪਰਮਜੀਤ ਕੌਰ ਵਾਸੀ ਮੂਸਾ ਦਾ ਨਾਂ ਲਿਖ ਕੇ ਪੈਨਸ਼ਨ ਸਬੰਧੀ ਫਾਰਮ ਭਰ ਕੇ ਦਿੱਤਾ ਗਿਆ ਹੈ, ਜਿਸ ’ਤੇ ਸਰਪੰਚ ਚਰਨ ਕੌਰ ਦੇ ਜਾਅਲੀ ਹਸਤਾਖ਼ਰ ਤੇ ਮੋਹਰ ਲਗਾਈ ਗਈ ਸੀ। ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਰਿਕਾਰਡ ਵਾਚਿਆ ਤਾਂ ਸਹੀ ਰਿਕਾਰਡ ਨਾਲ ਮੇਲ ਨਾ ਖਾਂਦਾ ਹੋਣ ’ਤੇ ਉਹ ਪਿੰਡ ਮੂਸਾ ਪੁੱਜੇ। ਇੱਥੇ ਸਰਪੰਚ ਚਰਨ ਕੌਰ ਤੋਂ ਪਤਾ ਲੱਗਿਆ ਕਿ ਮੋਹਰ ਤੇ ਦਸਤਖ਼ਤ ਜਾਅਲੀ ਹਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਕਿਸੇ ਅਣਪਛਾਤੀ ਔਰਤ ਨੇ ਪਰਮਜੀਤ ਕੌਰ ਵਾਸੀ ਲਾਧੂਕਾ, ਜ਼ਿਲ੍ਹਾ ਫਾਜ਼ਿਲਕਾ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਕੇ, ਉਸ ਦੀ ਫੋਟੋ ਬਦਲ ਕੇ, ਉਸ ਦੇ ਬੈਂਕ ਖਾਤੇ ਦੇ ਨਾਲ ਛੇੜਛਾੜ ਕਰਨ ਤੋਂ ਇਲਾਵਾ ਜਾਅਲੀ ਸ਼ਨਾਖ਼ਤੀ ਕਾਰਡ ਤੇ ਚੀਫ਼ ਮੈਡੀਕਲ ਅਫ਼ਸਰ ਪਾਸੋਂ ਜਾਅਲੀ ਅੰਗਹੀਣਤਾ ਆਈਡੀ ਬਣਵਾ ਕੇ ਪੈਨਸ਼ਨ ਲਈ ਦਰਖਾਸਤ ਦਿੱਤੀ ਸੀ। ਪੁਲੀਸ ਨੇ ਬਲਕੌਰ ਸਿੰਘ ਸਿੱਧੂ, ਗੁਰਜਿੰਦਰ ਕੌਰ ਕਲਰਕ ਬਾਲ ਵਿਕਾਸ ਪ੍ਰਾਜੈਕਟ ਵਿਭਾਗ ਮਾਨਸਾ, ਮਨਦੀਪ ਸਿੰਘ ਜੂਨੀਅਰ ਸਹਾਇਕ ਸਿਹਤ ਵਿਭਾਗ ਮਾਨਸਾ, ਪਰਮਜੀਤ ਕੌਰ ਵਾਸੀ ਲਾਧੂਕਾ ਦੇ ਬਿਆਨ ਦਰਜ ਕਰਨ ਮਗਰੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×