ਨਾਬਾਲਗ ਲੜਕੀਆਂ ਨੂੰ ਵਰਗਲਾਉਣ ਦੇ ਦੋਸ਼ ਹੇਠ ਪੁਲੀਸ ਵੱਲੋਂ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜਨਵਰੀ
ਇੱਥੇ ਵੱਖ-ਵੱਖ ਥਾਵਾਂ ਤੋਂ ਕਥਿਤ ਵਿਆਹ ਦੀ ਨੀਅਤ ਨਾਲ ਦੋ ਨਾਬਾਲਗ ਲੜਕੀਆਂ ਵਰਗਲਾਈਆਂ ਗਈਆਂ ਹਨ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਖੁੱਡ ਮੁਹੱਲਾ ਵਾਸੀ ਅਸ਼ੀਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਭਤੀਜੀ ਰੋਹਨੀ ਦੇਵੀ ਪੁੱਤਰੀ ਗੁੱਡੂ (16 ਸਾਲ) ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਮੁਹੰਮਦ-ਅਸਗਰ ਉਸ ਨੂੰ ਵਿਆਹ ਕਰਾਉਣ ਝਾਂਸਾ ਦੇਕੇ ਆਪਣੇ ਨਾਲ ਵਰਗਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਏਕੇ ਭੱਠਾ ਪਿੰਡ ਭੇਰੋਮੁੰਨਾ ਵਾਸੀ ਮੰਜੂ ਦੇਵੀ ਨੇ ਦੱਸਿਆ ਹੈ ਕਿ ਉਸਦੀ ਵੱਡੀ ਲੜਕੀ ਅਮਰਿਤਾ (14 ਸਾਲ) ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕਰਨ ਤੇ ਪਤਾ ਲੱਗਾ ਹੈ ਕਿ ਲੜਕੀ ਨੂੰ ਅੰਕਿਤ ਵਾਸੀ ਪਿੰਡ ਜੋਲਾ ਥਾਣਾ ਬੁਡਾਨਾ ਜ਼ਿਲ੍ਹਾ ਮੁਜ਼ੱਫਰਨਗਰ ਵਿਆਹ ਕਰਵਾਉਣ ਦੀ ਨੀਯਤ ਨਾਲ ਵਰਗਲਾ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਲੋਨੀ ਸਲੇਮ ਟਾਬਰੀ ਵਾਸੀ ਸ਼ਾਮ ਬਹਾਦਰ ਨੇ ਦੱਸਿਆ ਹੈ ਕਿ ਉਸਦਾ ਲੜਕਾ ਸੂਰਜ ਗੌਤਮ (28 ਸਾਲ) ਸੁਤਲੁਜ ਦਰਿਆ ਕੋਲ ਮੱਥਾ ਟੇਕਣ ਲਈ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸਦੇ ਲੜਕੇ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾਕੇ ਰੱਖਿਆ ਹੋਇਆ ਹੈ।