ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਿਟੀ ਵਿਚ ਇੱਕ ਰੈਸਟੋਰੈਂਟ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰ ਰੈਸਟੋਰੈਂਟ ਦਾ ਬੋਰਡ ਲਾਉਣ ਤੋਂ ਰੋਕਣ ’ਤੇ ਰੈਸਟੋਰੈਂਟ ਮਾਲਕਾਂ ਸਣੇ ਇਕ ਹੋਰ ਖ਼ਿਲਾਫ਼ ਪਲਾਟ ਮਾਲਕ ਨੂੰ ਧਮਕੀ ਦੇਣ ਤੋਂ ਬਾਅਦ ਹਵਾਈ ਫ਼ਾਇਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅਟਾਰੀ ਪਿੰਡ ਦੇ ਦੋ ਭਰਾਵਾਂ ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸਮੇਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਹ ਕਾਰਵਾਈ ਪਲਾਟ ਦੇ ਮਾਲਕ ਦਵਿੰਦਰ ਸਿੰਘ ਭਲਵਾਨ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ, ਪਰ ਅਜੇ ਤੱਕ ਕਿਸੇ ਮੁਲਜ਼ਮ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਡੋਕੋਰ ਹੱਬ ਰੈਸਟੋਰੈਂਟ ਦੇ ਮਾਲਕ ਨੇ ਆਪਣੇ ਸਾਹਮਣੇ ਪਏ ਖਾਲੀ ਪਲਾਟ ਦੇ ਮੂਹਰੇ ਰੈਸਟੋਰੈਂਟ ਦਾ ਬੋਰਡ ਲਾ ਦਿੱਤਾ ਸੀ। ਪਲਾਟ ਮਾਲਕ ਦਵਿੰਦਰ ਸਿੰਘ ਭਲਵਾਨ ਨੇ ਇਸ ਗੱਲ ਤੇ ਇਤਰਾਜ਼ ਕੀਤਾ ਤੇ ਰੈਸਟੋਰੈਂਟ ਮਾਲਕ ਦਵਿੰਦਰ ਸਿੰਘ ਨੂੰ ਬੋਰਡ ਹਟਾਉਣ ਵਾਸਤੇ ਆਖਿਆ। ਦਵਿੰਦਰ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਨਗਰ ਕੌਂਸਲ ਪ੍ਰਧਾਨ ਨੂੰ ਨਾਲ ਲੈ ਕੇ ਭਰੋਸਾ ਦਿੱਤਾ ਕਿ ਉਹ ਭਲਕੇ ਖੰਭਾ ਹਟਾ ਦੇਣਗੇ। ਕੁਝ ਚਿਰ ਮਗਰੋਂ ਦਵਿੰਦਰ ਸਿੰਘ ਆਪਣੇ ਇੱਕ ਸਾਥੀ ਨਾਲ ਦਵਿੰਦਰ ਭਲਵਾਨ ਕੋਲ ਆਇਆ ਤੇ 315 ਬੋਰ ਰਾਈਫ਼ਲ ਨਾਲ ਹਵਾਈ ਫ਼ਾਇਰ ਕਰ ਦਿੱਤਾ। ਇਸ ਘਟਨਾ ਤੋਂ ਪਹਿਲਾਂ ਦਵਿੰਦਰ ਭਲਵਾਨ ਦੇ ਭਰਾ ਬਲਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਨੂੰ ਜਦੋਂ ਖੰਭਾ ਲਾਉਣ ਬਾਰੇ ਪੁੱਛਿਆ ਤਾਂ ਦੋਵਾਂ ਦੀ ਬਹਿਸ ਹੋ ਗਈ ਤੇ ਸੁਖਵਿੰਦਰ ਨੇ ਬਲਵਿੰਦਰ ਨੂੰ ਗੋਲੀ ਮਾਰਨ ਦੀ ਧਮਕੀ ਦੇ ਦਿੱਤੀ।