ਭਾਜਪਾ ਦਾ ਸੂਬਾ ਪ੍ਰਧਾਨ ਲਾਉਣ ਲਈ ਪੰਜ ਕਰੋੜ ਮੰਗਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਸ਼ਗਨ ਕਟਾਰੀਆ
ਬਠਿੰਡਾ, 24 ਜੂਨ
ਭਾਜਪਾ ਦੀ ਸੂਬਾ ਸਕੱਤਰ ਦਮਨ ਥਿੰਦ ਬਾਜਵਾ ਨੂੰ ਸੂਬਾ ਪ੍ਰਧਾਨ ਲੁਆਉਣ ਲਈ 5 ਕਰੋੜ ਰੁਪਏ ਮੰਗਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਬਠਿੰਡਾ ਪੁਲੀਸ ਨੇ ਥਾਣਾ ਕੈਂਟ ‘ਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ‘ਚੋਂ ਇੱਕ ਹਰੀਸ਼ ਗਰਗ ਵਾਸੀ ਕੋਟਫੱਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਮੁਲਜ਼ਮ ਸੌਰਵ ਚੌਧਰੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
ਭਾਜਪਾ ਆਗੂ ਦਮਨ ਥਿੰਦ ਬਾਜਵਾ ਪਤਨੀ ਹਰਮਨ ਦੇਵ ਵਾਸੀ ਅਕਾਲਗੜ੍ਹ ਜ਼ਿਲ੍ਹਾ ਸੰਗਰੂਰ ਨੇ ਪੁਲੀਸ ਕੋਲ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਸੂਬਾਈ ਸਕੱਤਰ ਹੈ। ਉਸ ਨੂੰ 23 ਜੂਨ ਨੂੰ ਹਰੀਸ਼ ਗਰਗ ਭੁੱਚੋ ਕਲਾਂ (ਨਜ਼ਦੀਕ ਬਠਿੰਡਾ) ਵਿੱਚ ਮਿਲਿਆ ਅਤੇ ਉਸ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵਿੱਚ ਉਸ ਦਾ ਕਾਫੀ ਵੱਡਾ ਰੁਤਬਾ ਹੈ। ਉਸ ਨੇ ਖੁਲਾਸਾ ਕੀਤਾ ਕਿ ਪੰਜਾਬ ਭਾਜਪਾ ਪ੍ਰਧਾਨ ਦੀ ਹੋਣ ਵਾਲੀ ਚੋਣ ‘ਚ ਉਨ੍ਹਾਂ (ਥਿੰਦ ਬਾਜਵਾ) ਦਾ ਨਾਂ ਵੀ ਵਿਚਾਰ ਅਧੀਨ ਹੈ। ਉਸ ਨੇ ਪੇਸ਼ਕਸ਼ ਕੀਤੀ ਕਿ ਜੇ ਉਨ੍ਹਾਂ ਪ੍ਰਧਾਨ ਬਣਨਾ ਹੈ ਤਾਂ 5 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਇਹ ਕੰਮ ਕਰਵਾ ਦਿੱਤਾ ਜਾਵੇਗਾ। ਥਿੰਦ ਬਾਜਵਾ ਨੇ ਕਿਹਾ ਕਿ ਉਸ ਵਿਅਕਤੀ ਬਾਰੇ ਸ਼ੱਕ ਪੈਣ ‘ਤੇ ਜਦੋਂ ਉਨ੍ਹਾਂ ਪਾਰਟੀ ਦੀ ਆਹਲਾ ਲੀਡਰਸ਼ਿਪ ਤੋਂ ਪਤਾ ਕੀਤਾ ਤਾਂ ਸਪਸ਼ਟ ਹੋਇਆ ਕਿ ਦੋਵੇਂ ਵਿਅਕਤੀ ਜਾਅਲੀ ਹਨ। ਡੀਐਸਪੀ ਸਿਟੀ-2 ਬਠਿੰਡਾ ਨੇ ਦੱਸਿਆ ਕਿ ਹਰੀਸ਼ ਗਰਗ ਨੂੰ ਗ੍ਰਿਫ਼ਤਾਰ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।