ਸੜਕ ਰੋਕਣ ਦੇ ਦੋਸ਼ ਹੇਠ ਟਰੈਕਟਰ ਅਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 14 ਅਕਤੂਬਰ
ਸਦਰ ਪੁਲੀਸ ਨੇ ਪਿੰਡ ਬ੍ਰਾਹਮਣਵਾਲਾ ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਸੜਕ ਦੇ ਵਿਚਕਾਰ ਖੜ੍ਹੀ ਕਰਕੇ ਰਾਜ ਮਾਰਗ ਨੂੰ ਰੋਕਣ ਦੇ ਦੋਸ਼ ਹੇਠ ਟਰੈਕਟਰ ਟਰਾਲੀ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨਾਲ ਦੇ ਪਿੰਡ ਉਪਲਾਨਾ ਵਾਸੀ ਸੋਹਨ ਲਾਲ ਵਜੋਂ ਹੋਈ। ਪੁਲੀਸ ਨੇ ਟਰੈਕਟਰ ਟਰਾਲੀ ਨੂੰ ਜ਼ਬਤ ਕਰਨ ਦੇ ਨਾਲ ਟਰੈਕਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਬ੍ਰਾਹਮਣਵਾਲਾ ਚੌਕੀ ਦੇ ਕਰਮਚਾਰੀਆਂ ਦੀ ਟੀਮ ਪਿੰਡ ਵਿੱਚ ਗਸ਼ਤ ਕਰ ਰਹੀ ਸੀ। ਉਹ ਸਕੂਲ ਕੋਲ ਪਹੁੰਚੇ ਤਾਂ ਦੇਖਿਆ ਕਿ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਖੜ੍ਹੀ ਸੀ। ਟਰਾਲੀ ’ਤੇ ਕੋਈ ਰਿਫਲੈਕਟਰ ਨਹੀਂ ਸੀ, ਜਿਸ ਕਾਰਨ ਰਸਤਾ ਪੂਰੀ ਤਰ੍ਹਾਂ ਨਾਲ ਰੁਕ ਗਿਆ। ਆਉਣ ਜਾਣ ਵਾਲੇ ਰਾਹਗੀਰਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ। ਟਰੈਕਟਰ ਟਰਾਲੀ ਦੇ ਪਿੱਛੇ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ। ਡਰਾਈਵਰ ਤੋਂ ਤੂੜੀ ਦੀ ਟਰਾਲੀ ਦੀ ਇਜਾਜ਼ਤ ਬਾਰੇ ਪੁੱਛਿਆ ਤਾਂ ਉਸ ਕੋਲ ਕੋਈ ਕਾਗਜ਼ ਨਹੀਂ ਸੀ। ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਪਿੰਡ ਲਧੂਵਾਸ ਵਿੱਚ ਰੋਡ ਦੇ ਵਿਚਕਾਰ ਕਾਰ ਖੜ੍ਹੀ ਕਰਕੇ ਰਸਤਾ ਰੋਕਣ ਦੇ ਦੋਸ਼ ਹੇਠ ਬੁਢਲਾਡਾ ਦੇ ਪਿੰਡ ਉੱਡਤ ਸੈਦੇਵਾਲਾ ਵਾਸੀ ਬਲਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਬ੍ਰਾਹਮਣਵਾਲਾ ਪੁਲੀਸ ਚੌਕੀ ਦੀ ਟੀਮ ਲਧੂਵਾਸ ਵੱਲੋਂ ਜਦੋਂ ਪਿੰਡ ਸਰਦਾਰੇਵਾਲਾ ਤੋਂ ਨਿਕਲੀ ਤਾਂ ਮੇਨ ਰੋਡ ਤੇ ਇਕ ਰਿਟਜ਼ ਕਾਰ ਡਰਾਈਵਰ ਨੇ ਆਪਣੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਸੀ ਜਿਸ ਕਾਰਨ ਰਸਤਾ ਰੁਕ ਗਿਆ ਸੀ।