ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਸ਼ਗਨ ਕਟਾਰੀਆ
ਬਠਿੰਡਾ, 7 ਜੂਨ
ਬਠਿੰਡਾ ਪੁਲੀਸ ਨੇ ਛੇ ਲੱਖ ਦੀ ਕਥਿਤ ਫਿਰੌਤੀ ਮੰਗਣ ਦੇ ਦੋਸ਼ ’ਚ ਤਿੰਨ ਮੁਲਜ਼ਮਾਂ ’ਤੇ ਪਰਚਾ ਦਰਜ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਤੇ ਬਾਕੀ ਦੋ ਦੀ ਭਾਲ ਜਾਰੀ ਹੈ।
ਐਸਐੱਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਮਾਮਲਾ ਲੰਘੀ 20 ਮਈ ਦਾ ਹੈ। ਇਸ ਤੋਂ ਬਾਅਦ 2 ਜੂਨ ਨੂੰ ਕਿਸੇ ਨਾ ਮਾਲੂਮ ਵਿਅਕਤੀ ਨੇ ਫੋਨ ਕਰਕੇ ਮੁਦੱਈ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੁਦੱਈ ਨੇ ਆਪਣੇ ਭਾਣਜੇ ਨਾਲ 3 ਜੂਨ ਨੂੰ ਥਾਣਾ ਫੂਲ ਪਹੁੰਚ ਕੇ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਘੋਖ ਲਈ ਅਜੈ ਗਾਂਧੀ ਐੱਸਪੀ (ਜਾਂਚ), ਪ੍ਰਿਤਪਾਲ ਸਿੰਘ ਡੀਐੱਸਪੀ ਫੂਲ, ਰਾਜੇਸ਼ ਸ਼ਰਮਾ ਡੀਐੱਸਪੀ (ਜਾਂਚ) ਬਠਿੰਡਾ ਦੀ ਅਗਵਾਈ ਵਿੱਚ ਥਾਣਾ ਫੂਲ ਅਤੇ ਸੀਆਈਏ ਸਟਾਫ-1 ਦੀ ਡਿਊਟੀ ਲਾਈ ਗਈ ਸੀ। ਪੜਤਾਲ ’ਚ ਪਤਾ ਲੱਗਾ ਕਿ ਸਬ ਡਿਵੀਜ਼ਨ ਰਾਮਪੁਰਾ ’ਚ ਰਹਿੰਦੇ ਮੁਦੱਈ ਦੇ ਘਰ ਵਿੱਚ ਇੱਕ ਨਾ-ਮਾਲੂਮ ਵਿਅਕਤੀ ਨੇ ਆ ਕੇ ਉਸ ਦੇ ਸੀਰੀ ਨੂੰ ਇੱਕ ਚਿੱਠੀ ਦਿੱਤੀ ਅਤੇ ਕਿਹਾ ਕਿ ਇਹ ਚਿੱਠੀ ਆਪਣੇ ਮਾਲਕ ਨੂੰ ਫੜਾ ਦੇਵੇ। ਸੀਰੀ ਨੇ ਅੰਦਰ ਆ ਕੇ ਮਾਲਕ ਨੂੰ ਚਿੱਠੀ ਫੜਾ ਦਿੱਤੀ। ਮੁਦੱਈ ਨੇ ਇਹ ਚਿੱਠੀ ਆਪਣੇ ਭਾਣਜੇ ਨੂੰ ਪੜ੍ਹਨ ਲਈ ਕਿਹਾ, ਜਿਸ ਉਪਰ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਹੋਇਆ ਸੀ ਅਤੇ ਚਿੱਠੀ ਵਿੱਚ 6 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੈਸੇ ਨਾ ਦੇਣ ’ਤੇ ਮੁਦੱਈ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਗੱਲ ਲਿਖੀ ਹੋਈ ਸੀ।
ਪੁਲੀਸ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰਮ ਸਿੰਘ ਉਰਫ ਨਿੱਕਾ ਜੋ ਮੁੱਦਈ ਦੇ ਘਰ ਕਈ ਸਾਲਾਂ ਤੋਂ ਸੀਰੀ ਲੱਗਾ ਹੋਇਆ ਹੈ ਅਤੇ ਦੋ ਹੋਰ ਨਾ-ਮਾਲੂਮ ਵਿਅਕਤੀ ਜੋ ਮੁੱਦਈ ਦੇ ਘਰ ਵਿੱਚ ਪੀਓਪੀ ਦਾ ਕੰਮ ਕਰਕੇ ਗਏ ਸਨ। ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਦੀ ਆਪਸ ਵਿੱਚ ਜਾਣ ਪਛਾਣ ਹੋ ਗਈ ਸੀ ਅਤੇ ਉਨ੍ਹਾਂ ਮੁੱਦਈ ਤੋਂ ਫ਼ਿਰੌਤੀ ਮੰਗਣ ਦੀ ਸਲਾਹ ਬਣਾ ਲਈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਕਰਮ ਸਿੰਘ ਉਰਫ ਨਿੱਕਾ ਵਜੋਂ ਹੋਣ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਦੇ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।