ਲਾਇਸੈਂਸੀ ਰਿਵਾਲਵਰ ਜਮ੍ਹਾਂ ਕਰਵਾਉਣ ਦੀ ਥਾਂ ਆਪਣੇ ਕੋਲ ਰੱਖਣ ਵਾਲੇ ਸੇਵਾਮੁਕਤ ਏਸੀਪੀ ਤੇ ਇੰਸਪੈਕਟਰ ਖ਼ਿਲਾਫ਼ ਕੇਸ ਦਰਜ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਥਾਣਾ ਡਿਵੀਜ਼ਨ ਨੰਬਰ-3 ’ਚ ਬਗੈਰ ਜਾਂਚ ਕੀਤੇ ਨੌਜਵਾਨ ਖ਼ਿਲਾਫ਼ ਦਹਿਸ਼ਤ ਫੈਲਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਅਤੇ ਉਸ ’ਚ ਲਾਇਸੈਂਸੀ ਹਥਿਆਰ ਬਰਾਮਦ ਕਰਕੇ ਜਮ੍ਹਾਂ ਕਰਾਉਣ ਦੀ ਥਾਂ ਆਪਣੇ ਕੋਲ ਰੱਖਣ ਦੇ ਦੋਸ਼ ’ਚ ਲੁਧਿਆਣਾ ਦੇ ਸੇਵਾਮੁਕਤ ਏਸੀਪੀ ਤੇ ਇੰਸਪੈਕਟਰ ਵਿਰੁੱਧ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਅਧਿਕਾਰੀਆਂ ਖ਼ਿਲਾਫ਼ ਉਸੇ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ, ਜਿੱਥੇ ਦੋਵੇਂ ਥਾਣਾ ਇੰਚਾਰਜ ਰਹਿ ਚੁੱਕੇ ਹਨ। ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਸੀਪੀ ਰਣਧੀਰ ਸਿੰਘ ਤੇ ਇੰਸਪੈਕਟਰ ਸਤੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ 32 ਬੋਰ ਦਾ ਲਾਇਸੈਂਸੀ ਰਿਵਾਲਵਰ ਸੀ ਤੇ 2015 ’ਚ ਉਸ ਦੇ ਗੁਆਂਢੀ ਦੇ ਨਾਲ ਉਸ ਦਾ ਮਾਮੂਲੀ ਵਿਵਾਦ ਹੋ ਗਿਆ। ਗੁਆਂਢੀ ਨੇ ਥਾਣਾ ਡਿਵੀਜ਼ਨ ਨੰਬਰ-3 ’ਚ ਸ਼ਿਕਾਇਤ ਦੇ ਦਿੱਤੀ ਕਿ ਹਵਾਈ ਫਾਇਰ ਕੀਤੇ ਗਏ ਹਨ। ਉਸ ਸਮੇਂ ਥਾਣਾ ਡਿਵੀਜ਼ਨ ਨੰਬਰ 3 ’ਚ ਰਣਧੀਰ ਸਿੰਘ ਬਤੌਰ ਇੰਸਪੈਕਟਰ ਤਾਇਨਾਤ ਸਨ ਜੋ ਹੁਣ ਏਸੀਪੀ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਉਸ ਦੇ ਖਿਲਾਫ਼ ਕੇਸ ਦਰਜ ਕਰ ਲਿਆ ਤੇ ਉਸ ਦਾ ਲਾਇਸੈਂਸੀ ਰਿਵਾਲਵਰ, 10 ਕਾਰਤੂਸ ਤੇ ਲਾਇਸੈਂਸ ਲੈ ਲਿਆ ਜੋ ਉਨ੍ਹਾਂ ਮਾਲਖਾਨੇ ’ਚ ਜਮ੍ਹਾਂ ਕਰਾਉਣ ਦੀ ਥਾਂ ਆਪਣੇ ਕੋਲ ਰੱਖ ਲਿਆ। ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ 10 ਕਾਰਤੂਸ ਨਹੀਂ ਮਿਲੇ ਜੋ ਪਤਾ ਲੱਗਿਆ ਕਿ ਚਲਾ ਦਿੱਤੇ ਗਏ ਹਨ।