ਮਹਿਲਾ ਕੌਂਸਲਰਾਂ ਖ਼ਿਲਾਫ਼ ਪੋਸਟ ਪਾਉਣ ਵਾਲੇ ’ਤੇ ਕੇਸ ਦਰਜ
ਗੁਰਦੀਪ ਸਿੰਘ ਭੱਟੀ
ਟੋਹਾਣਾ, 9 ਨਵੰਬਰ
ਨਗਰ ਪਰਿਸ਼ਦ ਟੋਹਾਣਾ ਦੀਆਂ ਦਸ ਮਹਿਲਾ ਕੌਂਸਲਰਾਂ ਖ਼ਿਲਾਫ਼ ਅਸ਼ਲੀਲ ਪੋਸਟ ਪਾਉਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਫੇਸਬੁੱਕ ਖਾਤੇ ਟੋਹਾਣਾ-ਖਾਸ ਦੇ ਅਨਪਛਾਤੇ ਸੰਚਾਲਕ ਵਿਰੁੱਧ ਨਗਰ ਪਰਿਸ਼ਦ ਦੀ ਉਪ ਚੇਅਰਪਰਸਨ ਨੀਰੂ ਸੈਣੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਵਲੋਂ 8 ਨਵੰਬਰ ਤੱਕ ਮਾਮਲੇ ਬਾਰੇ ਚੁੱਕ ਧਾਰਨ ਕਾਰਨ ਬੀਤੀ ਸ਼ਾਮ ਨਗਰ ਪਰਿਸ਼ਦ ਚੇਅਰਮੈਨ ਨਰੇਸ਼ ਬਾਂਸਲ ਦੀ ਪ੍ਰਧਾਨਗੀ ਹੇਠ 10 ਮਹਿਲਾ ਕੌਂਸਲਰਾਂ ਸਮੇਤ 24 ਕੌਂਸਲਰਾਂ ਦੀ ਮੀਟਿੰਗ ਹੋਈ ਜਿਸ ਵਿਚ ਪੁਲੀਸ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਗਈ ਤੇ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਰੱਖਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਮਹਿਲਾ ਕੌਂਸਲਰਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਸੀ। ਨਗਰ ਪ੍ਰੀਸ਼ਦ ਉਪ ਚੇਅਰਪਰਸਨ ਨੀਰੂ ਸੈਣੀ ਨੇ ਦੱਸਿਆ ਕਿ ਉਸ ਨੇ 27 ਅਕਤੂਬਰ ਨੂੰ ਮਾਮਲੇ ਸਬੰਧੀ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲੀਸ ਦੇ ਭਰੋਸੇ ਮਗਰੋਂ ਦੋ ਦਿਨ ਬਾਅਦ ਚੇਅਰਮੈਨ ਨਰੇਸ਼ ਬਾਂਸਲ ਨਾਲ ਐੱਸਪੀ ਫਤਿਹਾਬਾਦ ਆਸਥਾ ਮੋਦੀ ਨੂੰ ਮਿਲੇ ਉਥੇ ਵੀ ਜਾਂਚ ਦੇ ਭਰੋਸੇ ਤੋਂ ਵੱਧ ਕੁਝ ਨਹੀਂ ਹੋਇਆ। ਤੀਸਰੇ ਦਿਨ ਸਾਰੇ ਕੌਂਸਲਰ ਡੀਐੱਸਪੀ ਟੋਹਾਣਾ ਨੂੰ ਮਿਲੇ ਉਥੇ ਵੀ ਜਾਂਚ ਦੇ ਭਰੋਸੇ ਵਿੱਚ ਹੀ ਰੱਖਿਆ ਗਿਆ। ਨੀਰੂ ਸੈਣੀ ਨੇ ਨਾਲ ਬੈਠੀਆਂ ਮਹਿਲਾ ਕੌਂਸਲਰਾਂ ਸਵੀਟੀ ਭਾਟੀਆ, ਸੁਦੇਸ਼, ਪੂਜਾ ਰਾਨੀ, ਪੁਸ਼ਪਾ ਰਾਨੀ, ਪੂਜਾ ਮਾਥੂਰ, ਫੂਲਾਂ ਦੇਵੀ, ਸੀਮਾ ਰਾਨੀ ਤੇ ਪੁਸ਼ਪਾ ਗੋਇਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕੌਂਸਲਰਾਂ ਦਾ ਨਿਰਾਦਰ ਕੀਤਾ ਗਿਆ ਹੈ।