ਵਿਦਿਆਰਥਣ ਨਾਲ ਛੇੜ-ਛਾੜ ਦੇ ਦੋਸ਼ ਹੇਠ ਪੀਜੀ ਮਾਲਕ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 7 ਜੁਲਾਈ
ਇੱਥੋਂ ਦੇ ਸ਼ਕਤੀ ਨਗਰ ਵਿੱਚ ਪੀਜੀ ਵਿੱਚ ਰਹਿੰਦੀ ਕਾਲਜ ਦੀ ਇੱਕ ਵਿਦਿਆਰਥਣ ਨਾਲ ਛੇੜ-ਛਾੜ ਕਰਨ ਦੇ ਮਾਮਲੇ ਵਿੱਚ ਪੁਲੀਸ ਪੀਜੀ ਮਾਲਕ ਖਿਲਾਫ਼ ਕੇਸ ਦਰਜ ਕੀਤਾ ਹੈ। ਇੱਥੋਂ ਦੇ ਕਾਲਜ ਵਿੱਚ ਬੀਡੀਐੱਸ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਦੱਸਿਆ ਕਿ ਉਹ ਸ਼ਕਤੀ ਨਗਰ ਵਿੱਚ ਭੁਪਿੰਦਰ ਸਿੰਘ ਨਾਮੀਂ ਵਿਅਕਤੀ ਦੇ ਪੀਜੀ ਵਿੱਚ ਕਿਰਾਏ ’ਤੇ ਰਹਿੰਦੀ ਹੈ। ਉਸ ਨੇ ਦੋਸ਼ ਲਾਇਆ ਕਿ ਭੁਪਿੰਦਰ ਸਿੰਘ ਬਿਨਾਂ ਕਾਰਨ ਉਸ ਦੇ ਕਮਰੇ ਅੰਦਰ ਦੇਖਦਾ ਰਹਿੰਦਾ ਸੀ ਅਤੇ ਬਹਾਨੇ ਨਾਲ ਕਮਰੇ ਅੰਦਰ ਵੜ ਆਉਂਦਾ ਸੀ। ਪੀੜਤਾ ਨੇ ਦੱਸਿਆ ਕਿ ਲੰਘੀ 2 ਜੁਲਾਈ ਨੂੰ ਉਸ ਦਾ ਦੋਸਤ ਉਸਦੇ ਖਾਣ ਲਈ ਮੈਗੀ ਤੋਂ ਬਾਅਦ ਪੀਣ ਲਈ ਕੋਲਡ ਡਰਿੰਕ ਦੇਣ ਲਈ ਪੀਜੀ ’ਤੇ ਆਇਆ ਸੀ। ਉਸਨੇ ਦੋਸ਼ ਲਾਇਆ ਕਿ ਉਸ ਸਮੇਂ ਭੁਪਿੰਦਰ ਸਿੰਘ ਬਿਨਾਂ ਉਸ ਦੀ ਮਰਜ਼ੀ ਕਮਰੇ ਅੰਦਰ ਆ ਗਿਆ ਅਤੇ ਕਹਿਣ ਲੱਗਾ ਕਿ ਉਸ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਹੈ। ਉਸਨੇ ਇਸ ਬਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਇਹ ਵੀਡੀਓ ਉਹ ਉਸ ਦੇ ਪਿਤਾ ਨੂੰ ਭੇਜੇਗਾ। ਉਸਨੇ ਇਹ ਵੀਡੀਓ ਡਿਲੀਟ ਕਰਨ ਲਈ ਕਿਹਾ ਤਾਂ ਉਹ ਬਿਨਾਂ ਵੀਡੀਓ ਡਿਲੀਟ ਕੀਤੇ ਬਿਨਾਂ ਉੱਥੋਂ ਬਾਹਰ ਚਲਾ ਗਿਆ। ਉਸ ਤੋਂ ਬਾਅਦ ਰਾਤ ਦੇ ਕਰੀਬ ਸਾਢੇ ਦਸ ਵਜੇ ਭੁਪਿੰਦਰ ਸਿੰਘ ਨੇ ਉਸ ਨੂੰ ਫੋਨ ਕੀਤਾ ਅਤੇ ਉਸ ਦੇ ਕਮਰੇ ਅੰਦਰ ਆ ਗਿਆ ਤੇ ਕਹਿਣ ਲੱਗਾ ਕਿ ਉਹ ਉਸ ਨੂੰ 10 ਹਜ਼ਾਰ ਰੁਪਏ ਦੇਵੇ ਜਾਂ ਫਿਰ ਉਸ ਨਾਲ ਸਬੰਧ ਬਣਾਵੇ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਨੇ ਉਸ ਦੀ ਬਾਂਹ ਫੜ ਲਈ ਜਿਸ ਤੋਂ ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਇਸ ਬਾਰੇ ਆਪਣੇ ਮਾਤਾ-ਪਿਤਾ ਨੂੰ ਟੈਲੀਫੋਨ ਰਾਹੀਂ ਦੱਸਿਆ। ਮਾਪਿਆਂ ਦੀ ਸਹਿਮਤੀ ਨਾਲ ਉਸਨੇ ਇਸਦੀ ਸ਼ਿਕਾਇਤ ਦਿੱਤੀ ਗਈ। ਪੁਲੀਸ ਨੇ ਭੁਪਿੰਦਰ ਸਿੰਘ ਵਾਸੀ ਸ਼ਕਤੀ ਨਗਰ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।