ਏਲਾਂਤੇ ਮਾਲ ਦੇ ਮਾਲਕ ਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ
ਆਤਿਸ਼ ਗੁਪਤਾ
ਚੰਡੀਗੜ੍ਹ, 3 ਅਕਤੂਬਰ
ਇੱਥੋਂ ਦੇ ਨੈਕਸਸ ਏਲਾਂਤੇ ਮਾਲ ਵਿੱਚ 5 ਦਿਨ ਪਹਿਲਾਂ ਪਿੱਲਰ ਦਾ ਮਾਰਬਲ ਟੁੱਟ ਕੇ ਡਿੱਗਣ ਕਰਕੇ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ (13) ਤੇ ਉਸ ਦੀ ਮਾਸੀ ਸੁਰਭੀ ਜੈਨ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਏਲਾਂਤੇ ਮਾਲ ਦੇ ਮਾਲਕ ਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਦਿਲਬਾਗ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਪੀੜਤ ਸੁਰਭੀ ਜੈਨ ਦੀ ਸ਼ਿਕਾਇਤ ’ਤੇ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਦੱਸਣਯੋਗ ਹੈ ਕਿ 29 ਸਤੰਬਰ ਨੂੰ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਆਪਣੇ ਪਰਿਵਾਰ ਦੇ ਨਾਲ ਏਲਾਂਤੇ ਮਾਲ ਵਿੱਚ ਆਪਣਾ ਜਨਮ ਦਿਨ ਮਨਾਉਣ ਆਈ ਸੀ। ਏਲਾਂਤੇ ਮਾਲ ਵਿੱਚ ਵਾਪਸੀ ਸਮੇਂ ਮਾਈਸ਼ਾ ਆਪਣੀ ਮਾਸੀ ਸੁਰਭੀ ਜੈਨ ਨਾਲ ਖੜੀ ਤਸਵੀਰਾਂ ਖਿੱਚ ਰਹੀ ਸੀ। ਇਸੇ ਦੌਰਾਨ ਏਲਾਂਤੇ ਮਾਲ ਵਿੱਚ ਬਣੇ ਪਿੱਲਰ ਦਾ ਮਾਰਬਲ ਟੁੱਟ ਕੇ ਹੇਠਾਂ ਡਿੱਗ ਗਿਆ। ਮਾਰਬਲ ਦੇ ਵੱਜਣ ਕਰਕੇ ਦੋਵਾਂ ਦੇ ਕਾਫੀ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਮਾਈਸ਼ਾ ਦੀਆਂ ਪਸਲੀਆ ’ਤੇ ਕਾਫੀ ਸੱਟ ਵਜੀ ਹੈ, ਜਦੋਂ ਕਿ ਉਸ ਦੀ ਮਾਸੀ ਸੁਰਭੀ ਜੈਨ ਦੇ ਸਿਰ ਵਿੱਚ 6 ਟਾਂਕੇ ਲੱਗੇ ਹਨ। ਜ਼ਿਕਰਯੋਗ ਹੈ ਕਿ ਪੀੜਤ ਮਾਈਸ਼ਾ ਇਕ ਬਾਲ ਅਦਾਕਾਰਾ ਹੈ, ਜੋ ਕਿ ਕਈ ਟੀਵੀ ਸੀਰੀਅਲ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰ ਚੁੱਕੀ ਹੈ। ਗੌਰਤਲਬ ਹੈ ਕਿ ਏਲਾਂਤੇ ਮਾਲ ਵਿੱਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਤਿੰਨ ਮਹੀਨੇ ਪਹਿਲਾਂ ਜੂਨ ਵਿੱਚ ਏਲਾਂਤੇ ਮਾਲ ਵਿੱਚ ਹੀ ਖਿਡੌਣਾ ਰੇਲ ਗੱਡੀ ਦੇ ਪਲਟਣ ਕਰਕੇ ਵੀ 11 ਸਾਲਾਂ ਬੱਚੇ ਦੀ ਮੌਤ ਹੋ ਗਈ ਸੀ।