ਦਾਊਂ ਮਿਨਰਵਾ ਅਕੈਡਮੀ ਦੇ ਅਧਿਕਾਰੀ ਤੇ ਸਟਾਫ਼ ਮੈਂਬਰਾਂ ਖ਼ਿਲਾਫ਼ ਕੇਸ ਦਰਜ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਮਿਨਰਵਾ ਅਕੈਡਮੀ ਦੇ ਹੋਸਟਲ ਵਿੱਚ ਰਹਿੰਦੇ ਗੁਜਰਾਤ ਦੇ ਵਿਦਿਆਰਥੀ ਵੱਲੋਂ ਅਕੈਡਮੀ ਦੀ ਰੋਸਈ ਵਿੱਚ ਝਾੜੂ ਨਾਲ ਬਣਾਈਆਂ ਜਾਂਦੀਆਂ ਰੋਟੀਆਂ ਅਤੇ ਖਾਣੇ ਵਿੱਚ ਕੀੜੇ ਮਿਲਣ ਦੀ ਸ਼ਿਕਾਇਤ ਕਰਨ ਦੇ ਮਾਮਲੇ ਵਿੱਚ ਬਲੌਂਗੀ ਪੁਲੀਸ ਨੇ ਅਕੈਡਮੀ ਦੇ ਪੰਜ ਸਟਾਫ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿਆਂਸ਼ੂ ਨੇ ਦੱਸਿਆ ਕਿ ਉਹ ਇੱਥੇ ਐਨਡੀਏ ਦੀ ਟਰੇਨਿੰਗ ਲੈਣ ਆਇਆ ਹੈ ਅਤੇ ਪਿਛਲੇ ਦਿਨੀਂ ਉਸ ਨੇ ਅਕੈਡਮੀ ਦੀ ਰਸੋਈ ਵਿੱਚ ਕੰਮ ਕਰਦੇ ਵਿਅਕਤੀਆਂ ਵੱਲੋਂ ਝਾੜੂ ਨਾਲ ਰੋਟੀਆਂ ਸੇਕੇ ਜਾਣ ਅਤੇ ਖਾਣੇ ਵਿੱਚ ਕੀੜੇ ਨਿਕਲਣ ਦੀ ਵੀਡੀਓ ਬਣਾ ਕੇ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਸੀ ਪ੍ਰੰਤੂ ਮੈਨੇਜਮੈਂਟ ਨੇ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਨੂੰ ਹੀ ਅਕੈਡਮੀ ‘ਚੋਂ ਬਾਹਰ ਕੱਢ ਦਿੱਤਾ। ਅਕੈਡਮੀ ਦੇ ਸੁਰੱਖਿਆ ਕਰਮਚਾਰੀ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਬੱਸ ਅੱਡਾ ਸੈਕਟਰ-43 ਦੇ ਸਾਹਮਣੇ ਛੱਡ ਆਏ। ਉਸ ਨੇ ਤੁਰੰਤ ਪੁਲੀਸ ਨੂੰ ਫੋਨ ਕੀਤਾ ਤਾਂ ਯੂਟੀ ਪੁਲੀਸ ਉਸ ਨੂੰ ਇਹ ਕਹਿ ਕੇ ਬਲੌਂਗੀ ਥਾਣੇ ਛੱਡ ਗਈ ਕਿ ਇਹ ਮਾਮਲਾ ਬਲੌਂਗੀ ਥਾਣੇ ਅਧੀਨ ਆਉਂਦਾ ਹੈ।
ਵਿਦਿਆਰਥੀ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਮਾਪੇ ਵੀ ਗੁਜਰਾਤ ਤੋਂ ਮੁਹਾਲੀ ਪਹੁੰਚ ਗਏ ਅਤੇ ਜਦੋਂ ਪੁਲੀਸ ਉਨ੍ਹਾਂ ਨੂੰ ਉੱਥੇ ਲੈ ਕੇ ਗਈ ਤਾਂ ਅਕੈਡਮੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਪੁਲੀਸ ਦਾ ਰਾਹ ਵੀ ਰੋਕਿਆ ਗਿਆ। ਇਹੀ ਨਹੀਂ ਮੀਡੀਆ ਕਰਮੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਪ੍ਰਿਆਂਸ਼ੂ ਸ਼ਾਹ ਦੀ ਮਾਤਾ ਅੰਕਿਤਾ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਜੂਨ ਵਿੱਚ ਅਕੈਡਮੀ ‘ਚ ਦਾਖ਼ਲਾ ਕਰਵਾਇਆ ਸੀ।
ਉਨ੍ਹਾਂ ਨੂੰ ਪ੍ਰਿਆਂਸ਼ੂ ਨੇ ਦੱਸਿਆ ਕਿ ਹੋਸਟਲ ਵਿੱਚ ਰਹਿੰਦੇ ਬੱਚਿਆਂ ਲਈ ਰੋਟੀ ਨੂੰ ਝਾੜੂ ਨਾਲ ਪਕਾਇਆ ਜਾਂਦਾ ਸੀ ਅਤੇ ਖਾਣੇ ‘ਚੋਂ ਕੀੜੇ ਵੀ ਨਿਕਲੇ ਸਨ। ਪ੍ਰਿਆਂਸ਼ੂ ਨੇ ਇਸ ਦੀ ਵੀਡੀਓ ਵੀ ਬਣਾਈ ਸੀ। ਲਿਖਤੀ ਸ਼ਿਕਾਇਤ ਦੇਣ ‘ਤੇ ਇੱਕ ਅਧਿਆਪਕਾ ਨੇ ਪ੍ਰਿਆਂਸ਼ੂ ਦਾ ਕਾਲਰ ਫੜ ਕੇ ਐਕਡਮੀ ਤੋਂ ਬਾਹਰ ਕੱਢ ਦਿੱਤਾ ਸੀ। ਉੱਧਰ, ਬਲੌਂਗੀ ਥਾਣੇ ਦੇ ਏਐੱਸਆਈ ਅੰਗਰੇਜ਼ ਸਿੰਘ, ਉਕਤ ਵਿਦਿਆਰਥੀ ਅਤੇ ਉਸ ਦੀ ਮਾਂ ਨੂੰ ਲੈ ਕੇ ਅਕੈਡਮੀ ਗਏ ਪ੍ਰੰਤੂ ਉੱਥੇ ਸਟਾਫ਼ ਨੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ, ਜਿਸ ਕਾਰਨ ਉਹ ਵਾਪਸ ਪਰਤ ਆਏ। ਬਲੌਂਗੀ ਥਾਣੇ ਦੇ ਐੱਸਐੱਚਓ ਪੈਰੀਵਿੰਕਲ ਗਰੇਵਾਲ ਨੇ ਕਿਹਾ ਕਿ ਪੀੜਤ ਵਿਦਿਆਰਥੀ ਪ੍ਰਿਆਂਸ਼ੂ ਸ਼ਾਹ ਦੀ ਸ਼ਿਕਾਇਤ ‘ਤੇ ਮਿਨਰਵਾ ਅਕੈਡਮੀ ਦੀ ਮਹਿਲਾ ਅਧਿਕਾਰੀ, ਸੁਰੱਖਿਆ ਗਾਰਡ, ਵਾਰਡਨ, ਡਰਾਈਵਰ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।