ਜੇਸੀਟੀ ਮਿੱਲ ਦੇ ਮੈਨੇਜਿੰਗ ਡਾਇਰੈਟਰ ਅਤੇ ਸਹਾਇਕ ਡਾਇਰੈਕਟਰ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਫਗਵਾੜਾ, 13 ਨਵੰਬਰ
ਜੇਸੀਟੀ ਮਿੱਲ ’ਚ ਕੰਮ ਕਰਦੇ ਮਜ਼ਦੂਰਾਂ ਦਾ ਪ੍ਰੋਵੀਡੈਟ ਫੰਡ ਤਨਖਾਹ ’ਚੋਂ ਕੱਟ ਕੇ ਖਾਤੇ ’ਚ ਜਮ੍ਹਾ ਨਾ ਕਰਵਾਉਣ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਤੇ ਕਾਰਜਕਾਰੀ ਡਾਇਰੈਕਟਰ ਖ਼ਿਲਾਫ਼ ਧਾਰਾ 406, 409, 14 (1) ਕਰਮਚਾਰੀ ਪ੍ਰੋਵੀਡੈਂਟ ਫੰਡ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਜੇਸੀਟੀ ਦੇ ਪ੍ਰਬੰਧਕਾਂ ਨੇ ਸਾਲ 2023 ਤੱਕ ਮਿੱਲ ’ਚ ਕੰਮ ਕਰਦੇ ਮਜ਼ਦੂਰਾਂ ਦਾ ਕੱਟਿਆ ਹੋਇਆ ਫੰਡ ਜਮ੍ਹਾਂ ਨਹੀਂ ਕਰਵਾਇਆ, ਜਿਸ ਨਾਲ ਮਜ਼ਦੂਰਾਂ ਨੂੰ ਕਰੀਬ 2,31,00,210 ਰੁਪਏ ਦੀ ਰਕਮ ਨਹੀਂ ਮਿਲੀ ਹੈ। ਇਸ ਕਾਰਨ ਮਜ਼ਦੂਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਤੇ ਮਿੱਲ ਮਜ਼ਦੂਰਾਂ ਨੂੰ ਜਬਰੀ ਮਿੱਲ ਵਿੱਚੋਂ ਕੰਮ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਪੁਲੀਸ ਨੇ ਸੁਮੀਰ ਥਾਪਰ ਮੈਨੇਜਿੰਗ ਡਾਇਰੈਕਟਰ ਜੇਸੀਟੀ ਮਿੱਲ ਤੇ ਮੁਕੂਲਿਕਾ ਸਿਨਹਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮਜ਼ਦੂਰਾਂ ਵੱਲ ਹਵਾਈ ਫ਼ਾਇਰ ਕਰਨ ਦੇ ਦੋਸ਼ ਹੇਠ ਮਿੱਲ ਮਾਲਕ ਖ਼ਿਲਾਫ਼ ਕੇਸ
ਜੇ.ਸੀ.ਟੀ. ਮਿੱਲ ਦੇ ਮੈਨੇਜਿੰਗ ਡਾਇਰੈਕਟਰ ਵਲੋਂ ਹਵਾਈ ਫ਼ਾਇਰ ਕਰਨ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਉਸ ਖਿਲਾਫ਼ ਧਾਰਾ 125 ਬੀਐਨਐਸ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵਲੋਂ ਦਰਜ ਕੀਤੀ ਰਿਪੋਰਟ ਮੁਤਾਬਕ ਜੇ.ਸੀ.ਟੀ. ਮਿੱਲ ਦੇ ਵਰਕਰਾ ਵੱਲੋਂ 27 ਅਕਤੂਬਰ ਦੀ ਰਾਤ ਨੂੰ ਮਿੱਲ ਮਾਲਕ ਸੁਮੀਰ ਥਾਪਰ ਜੋ ਕੁੱਝ ਮਹੀਨਿਆਂ ਤੋਂ ਬਾਅਦ ਆਪਣੇ ਘਰ ਥਾਪਰ ਕਾਲੋਨੀ ਵਿਖੇ ਆਇਆ ਹੋਇਆ ਸੀ ਜਿਥੇ ਮਿੱਲ ਵਰਕਰ ਆਪਣੀਆਂ ਤਨਖਾਹਾ ਤੇ ਬਕਾਇਆ ਰਾਸ਼ੀ ਵਾਸਤੇ ਸੁਮੀਰ ਥਾਪਰ ਨਾਲ ਉਸਦੇ ਘਰ ਬਾਹਰ ਗੱਲਬਾਤ ਕਰਨ ਲਈ ਗਏ ਜਿਥੇ ਤੈਸ਼ ’ਚ ਆ ਕੇ ਉਸ ਨੇ ਘਰ ਦੇ ਅੰਦਰੋਂ ਹਵਾਈ ਫ਼ਾਇਰ ਕੀਤਾ। ਪੁਲੀਸ ਨੇ ਸੁਮੀਰ ਥਾਪਰ ਵਾਸੀ ਥਾਪਕ ਕਾਲੋਨੀ ਖਿਲਾਫ਼ ਕੇਸ ਦਰਜ ਕੀਤਾ ਹੈ।