ਮੱਧ ਪ੍ਰਦੇਸ਼ ਸਰਕਾਰ ਖਿਲਾਫ਼ ਵਿਵਾਦਿਤ ਪੋਸਟ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਤੇ ਕਮਲਨਾਥ ਦੇ ‘ਐਕਸ’ ਖਾਤਿਆਂ ਦੇ ਹੈਂਡਲਰਾਂ ਖਿਲਾਫ਼ ਕੇਸ ਦਰਜ
12:30 PM Aug 13, 2023 IST
ਇੰਦੌਰ, 13 ਅਗਸਤ
ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਵਾਲੇ ਵਿਵਾਦਿਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇੰਦੌਰ ਦੇ ਸੰਯੋਗਿਤਾਗੰਜ ਥਾਣੇ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਪ੍ਰਿਯੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਦੇ ਐਕਸ (ਪਹਿਲਾਂ ਟਵਿੱਟਰ) ਖਾਤਿਆਂ ਦੇ ਹੈਂਡਲਰਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਜਪਾ ਦੀ ਸਥਾਨਕ ਇਕਾਈ ਦੇ ਕੋਆਰਡੀਨੇਟਰ ਨਿਮੇਸ਼ ਪਾਠਕ ਨੇ ਸ਼ਿਕਾਇਤ ਕੀਤੀ ਹੈ ਕਿ ਗਿਆਨੇਂਦਰ ਅਵਸਥੀ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਕਥਿਤ ਫਰਜ਼ੀ ਪੱਤਰ ਜਨਤਕ ਕੀਤਾ ਹੈ, ਜਿਸ ਵਿੱਚ ਠੇਕੇਦਾਰਾਂ ਤੋਂ ‘50 ਫੀਸਦ’ ਕਮਿਸ਼ਨ ਮੰਗੇ ਜਾਣ ਦੀ ਗੱਲ ਲਿਖੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਫਰਜ਼ੀ ਪੱਤਰ ਦੇ ਅਧਾਰ ’ਤੇ ਪ੍ਰਿਯੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਜਿਹੇ ਸੀਨੀਅਰ ਕਾਂਗਰਸੀ ਆਗੂਆਂ ਦੇ ‘ਐਕਸ’ ਖਾਤਿਆਂ ਵਿਚੋਂ ‘ਗੁੰਮਰਾਹਕੁਨ’ ਪੋਸਟ ਕੀਤੇ ਗਏ। -ਪੀਟੀਆਈ
Advertisement
Advertisement