ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਰਬਾਰ ਸਾਹਿਬ ਪਰਿਕਰਮਾ ਵਿੱਚ ਯੋਗ ਆਸਣ ਕਰਨ ਵਾਲੀ ਕੁੜੀ ਖ਼ਿਲਾਫ਼ ਕੇਸ ਦਰਜ

08:45 AM Jun 24, 2024 IST
ਦਰਬਾਰ ਸਾਹਿਬ ਪਰਿਕਰਮਾ ਵਿੱਚ ਆਸਣ ਕਰਦੀ ਹੋਈ ਕੁੜੀ ਦੀ ਫਾਈਲ ਫੋਟੋ ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਜੂਨ
ਇੱਥੇ ਦਰਬਾਰ ਸਾਿਹਬ ਦੀ ਪਰਿਕਰਮਾ ਵਿੱਚ ਬੀਤੇ ਦਿਨ ਯੋਗ ਆਸਣ ਕਰਨ ਵਾਲੀ ਕੁੜੀ ਖ਼ਿਲਾਫ਼ ਥਾਣਾ ਈ ਡਿਵੀਜ਼ਨ ਵਿਖੇ ਪੁਲੀਸ ਨੇ ਆਈਪੀਸੀ ਦੀ ਧਾਰਾ 295-ਏ ਹੇਠ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਅਰਚਨਾ ਮਕਵਾਨਾ ਨਾਂ ਦੀ ਇਸ ਕੁੜੀ ਨੇ ਪੁਲੀਸ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਦੂਜੀ ਵਾਰ ਸਿੱਖ ਕੌਮ ਕੋਲੋਂ ਇਸ ਸਬੰਧੀ ਮੁਆਫ਼ੀ ਮੰਗੀ ਹੈ। ਇਸ ਦੌਰਾਨ ਗੁਜਰਾਤ ਦੀ ਵੜੋਦਰਾ ਪੁਲੀਸ ਵੱਲੋਂ ਉਸ ਨੂੰ ਸੁਰੱਖਿਆ ਛਤਰੀ ਮੁਹੱਈਆ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਯੋਗ ਦਿਵਸ ਵਾਲੇ ਦਿਨ ਇਸ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਸਣ ਕੀਤਾ ਸੀ। ਮਗਰੋਂ ਉਸ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਸਨ। ਇਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਸ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿੱਚ ਆਪਣੇ ਤਿੰਨ ਕਰਮਚਾਰੀਆਂ ਦੇ ਖ਼ਿਲਾਫ਼ ਵੀ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ। ਇਸ ਤਹਿਤ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਕਰਮਚਾਰੀ ਨੂੰ ਜੁਰਮਾਨਾ ਕਰਕੇ ਉਸ ਦਾ ਤਬਾਦਲਾ ਕਰ ਦਿੱਤਾ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਈ ਡਿਵੀਜ਼ਨ ਦੀ ਪੁਲੀਸ ਨੇ ਕੁੜੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੁੜੀ ਦੀ ਪਛਾਣ ਅਰਚਨਾ ਮਕਵਾਨਾ ਵਾਸੀ ਵੜੋਦਰਾ ਗੁਜਰਾਤ ਵਜੋਂ ਦੱਸੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਦਰਬਾਰ ਸਾਹਿਬ ਦੇ ਮੈਨੇਜਰ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਲੜਕੀ ਨੇ ਪਰਿਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਨੇੜੇ ਇਤਰਾਜ਼ਯੋਗ ਫੋਟੋ ਖਿਚਵਾਈ ਅਤੇ ਜਾਣ ਬੁੱਝ ਕੇ ਵਾਇਰਲ ਕੀਤੀ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਯੋਗ ਆਸਣ ਨੂੰ ਸਿੱਖ ਧਰਮ ਵਿੱਚ ਕੋਈ ਮਾਨਤਾ ਨਹੀਂ ਹੈ ਤਾਂ ਅਜਿਹੀ ਕੋਈ ਕਿਰਿਆ ਇੱਥੇ ਆ ਕੇ ਕਰਨੀ ਘੋਰ ਮਨਮਤ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਭਵਿੱਖ ਵਿੱਚ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਸਮਾਜ ਦਾ ਮਾਹੌਲ ਖਰਾਬ ਕਰਦੇ ਹਨ। ਦੂਜੇ ਪਾਸੇ, ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਅੱਗੇ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਉਸ ਕੋਲੋਂ ਇਹ ਅਣਜਾਨੇ ਵਿੱਚ ਹੋਇਆ ਹੈ। ਉਹ ਪਹਿਲਾਂ 20 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗਈ ਸੀ ਅਤੇ ਸੇਵਾ ਵੀ ਕੀਤੀ ਸੀ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹਾ ਕਰਨ ਦੀ ਮਨਾਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਜਾਨੋਂ ਮਾਰਨ ਸਣੇ ਹੋਰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਗੁਜਰਾਤ ਦੀ ਵੜੋਦਰਾ ਪੁਲੀਸ ਵੱਲੋਂ ਉਸ ਨੂੰ ਸੁਰੱਖਿਆ ਛਤਰੀ ਮੁਹੱਈਆ ਕੀਤੀ ਗਈ।

Advertisement

Advertisement
Advertisement