ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਜਗਰਾਉਂ, 20 ਨਵੰਬਰ
ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਹੁੱਕਮਾਂ ’ਤੇ ਅੱਜ ਸਥਾਨਕ ਪੁਲੀਸ ਨੇ ਇੱਕ ਏਜੰਟ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕੀਤਾ ਹੈ। ਉਕਤ ਏਜੰਟ ’ਤੇ ਪਿੰਡ ਬੜੈਚ ਦੇ ਵਸਨੀਕ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦਾ ਦੋਸ਼ ਹੈ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਪਿੰਡ ਬੜੈਚ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਹ ਘਰ ਦੇ ਹਾਲਾਤਾਂ ਦੇ ਮੱਦੇਨਜ਼ਰ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ ਜਿਸ ਸਬੰਧੀ ਉਸ ਨੇ ਗੁਰਮੀਤ ਸਿੰਘ ਵਾਸੀ ਪਿੰਡ ਲੋਪੋਂ (ਮੋਗਾ) ਹਾਲ ਵਾਸੀ ਫਿਨਲੈਂਡ ਨਾਲ ਰਾਬਤਾ ਕੀਤਾ। ਗੁਰਮੀਤ ਸਿੰਘ ਨੇ ਮਨਪ੍ਰੀਤ ਸਿੰਘ ਨੂੰ ਵਿਦੇਸ਼ ਸੈੱਟ ਕਰਨ ਦਾ ਭਰੋਸਾ ਦੇ ਕੇ ਉਸ ਕੋਲੋਂ 2 ਲੱਖ ਰੁਪਏ ਲੈ ਲਏ। ਪਰ ਵਾਰ ਵਾਰ ਕਹਿਣ ’ਤੇ ਵੀ ਗੁਰਮੀਤ ਨੇ ਮਨਪ੍ਰੀਤ ਨੂੰ ਵਿਦੇਸ਼ ਲੈ ਜਾਣ ਦਾ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਉਸ ਕੋਲੋਂ ਲਏ 2 ਲੱਖ ਰੁਪਏ ਵਾਪਸ ਕੀਤੇ। ਮਿਲੀ ਸ਼ਿਕਾਇਤ ਦੀ ਜਾਂਚ ਪੁਲੀਸ ਕਪਤਾਨ ਨੇ ਡੀਐੱਸਪੀ ਤੋਂ ਕਰਵਾਈ ਜਿਸ ਵਿੱਚ ਗੁਰਮੀਤ ਸਿੰਘ ਖ਼ਿਲਾਫ਼ ਲਗਾਏ ਦੋਸ਼ ਸਾਬਤ ਹੋਣ ’ਤੇ ਉਸ ਖ਼ਿਲਾਫ਼ ਥਾਣਾ ਸ਼ਹਿਰੀ ’ਚ ਕੇਸ ਦਰਜ ਕਰ ਲਿਆ ਗਿਆ ਹੈ।
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਮੁਹੱਲਾ ਫਹਿਤਗੰਜ ਵਾਸੀ ਚੰਦਰ ਕਪੂਰ ਨੇ ਦੱਸਿਆ ਕਿ ਚੰਡੀਗੜ੍ਹ ਰਹਿੰਦੇ ਤਿੰਨ ਵਿਅਕਤੀਆਂ ਨੇ ਹਮ ਮਸ਼ਵਰਾ ਹੋ ਕੇ ਉਸ ਦੇ ਲੜਕੇ ਯੁਵੰਸ਼ੂ ਕਪੂਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 15 ਲੱਖ 26 ਹਜ਼ਾਰ 916 ਰੁਪਏ ਠੱਗ ਲਏ ਹਨ। ਜਦੋਂ ਉਕਤ ਵਿਅਕਤੀਆਂ ਨੇ ਲੜਕੇ ਨੂੰ ਕੈਨੇਡਾ ਨਹੀਂ ਭੇਜਿਆ ਤਾਂ ਉਨ੍ਹਾਂ ਰੌਲਾ ਪਾਇਆ, ਜਿਸ ਮਗਰੋਂ ਮੁਲਜ਼ਮਾਂ ਨੇ 4 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਹਾਲੇ ਵੀ ਉਨ੍ਹਾਂ ਵੱਲ 11 ਲੱਖ 26 ਹਜ਼ਾਰ 916 ਰੁਪਏ ਰਹਿੰਦੇ ਹਨ, ਜੋ ਵਾਪਸ ਨਹੀਂ ਕੀਤੇ ਗਏ। ਥਾਣੇਦਾਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।