ਜਬਰ-ਜਨਾਹ ਦੇ ਦੋਸ਼ ਹੇਠ ਜੋਤਸ਼ੀ ਖ਼ਿਲਾਫ਼ ਕੇਸ ਦਰਜ
ਹਰਜੀਤ ਸਿੰਘ
ਜ਼ੀਰਕਪੁਰ, 4 ਨਵੰਬਰ
ਪੁਲੀਸ ਨੇ ਫ਼ਿਰੋਜ਼ਪੁਰ ਵਸਨੀਕ 23 ਸਾਲਾ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਨੇ ਇਕ ਜੋਤਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਇਆ ਕਿ ਮੁਲਜ਼ਮ ਜੋਤਸ਼ੀ ਨੇ ਉਸ ਦੀ ਬਿਮਾਰੀ ਦਾ ਇਲਾਜ ਕਰਨ ਦੇ ਬਹਾਨੇ ਉਸ ਨਾਲ ਗ਼ੈਰ-ਕੁਦਰਤੀ ਸਬੰਧ ਵੀ ਬਣਾਏ। ਮੁਲਜ਼ਮ ਜੋਤਸ਼ੀ ਦੀ ਪਛਾਣ ਗੌਰਵ ਤਿਆਗੀ ਵਾਸੀ ਜ਼ੀਰਕਪੁਰ ਦੇ ਤੌਰ ’ਤੇ ਹੋਈ ਹੈ।
ਸ਼ਿਕਾਇਤਕਰਤਾ ਲੜਕੀ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਹ ਕਾਫ਼ੀ ਬਿਮਾਰ ਰਹਿਣ ਲੱਗ ਗਈ ਸੀ। ਉਸ ਵੱਲੋਂ ਕਾਫੀ ਥਾਵਾਂ ਤੋਂ ਇਲਾਜ ਕਰਵਾਇਆ ਗਿਆ ਪਰ ਉਸ ਦੀ ਬਿਮਾਰੀ ਠੀਕ ਨਹੀਂ ਸੀ ਹੋ ਰਹੀ। ਇਸ ਦੌਰਾਨ ਉਸ ਨੇ ਫੇਸਬੁੱਕ ’ਤੇ ਇਸ ਜੋਤਸ਼ੀ ਦਾ ਇਸ਼ਤਿਹਾਰ ਦੇਖਿਆ ਜਿਸ ਵਿੱਚ ਉਸ ਵੱਲੋਂ ਹਰ ਬਿਮਾਰੀ ਦਾ ਗਾਰੰਟੀ ਨਾਲ ਇਲਾਜ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪੀੜਤ ਨੇ ਉਸ ਨਾਲ ਸੰਪਰਕ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਆਪਣੀ ਗੱਲਾਂ ਵਿੱਚ ਫਸਾ ਕੇ ਬਿਮਾਰੀ ਦਾ ਇਲਾਜ ਕਰਨ ਦੇ ਬਹਾਨੇ ਉਸ ਨਾਲ ਜਬਰ-ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨਾਲ ਜ਼ਬਰਦਸਤੀ ਗ਼ੈਰ-ਕੁਦਰਤੀ ਸਬੰਧ ਬਣਾਏ ਗਏ ਅਤੇ ਹੁਣ ਤੱਕ ਉਸ ਨੂੰ ਬਲੈਕ ਮੇਲ ਕਰ ਕੇ ਪ੍ਰੇਸ਼ਾਨ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਸ ਨਾਲ ਜਬਰ-ਜਨਾਹ ਅਤੇ ਗ਼ੈਰ ਕੁਦਰਤੀ ਸਬੰਧ ਬਣਾ ਰਿਹਾ ਹੈ। ਪੁਲੀਸ ਨੇ ਜੋਤਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।