ਜੀਐੱਸਟੀ ਸੁਪਰਡੈਂਟ ਸਣੇ ਛੇ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਜਲੰਧਰ, 29 ਨਵੰਬਰ
ਸਥਾਨਕ ਵਿਜੀਲੈਂਸ ਬਿਊਰੋ ਨੇ ਜੀਐੱਸਟੀ ਸੁਪਰਡੈਂਟ ਸਣੇ ਦੋ ਚਾਰਟਰਡ ਅਕਾਊਟੈਂਟਾਂ (ਸੀਏ) ਤੇ ਅਮਰੀਕਾ ਬੈਠੇ ਜੀਐਂਡਐੱਮ ਆਟੋਮੇਸ਼ਨ ਕੰਪਨੀ ਦੇ ਮਾਲਕ ਸਣੇ ਛੇ ਵਿਅਕਤੀਆਂ ਖ਼ਿਲਾਫ਼ ਵਪਾਰੀ ਮਨੀਸ਼ ਸਲਹੋਤਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ’ਚ ਮਨੀਸ਼ ਨੇ ਦੱਸਿਆ ਕਿ ਉਸ ਦੀਆਂ ਦੋ ਕੰਪਨੀਆਂ ਈਬੀਟੀਐੱਲ ਪ੍ਰਾਈਵੇਟ ਲਿਮਟਿਡ ਤੇ ਲੀਗਰੋ ਸਿਸਟਮ ਪ੍ਰਾਈਵੇਟ ਲਿਮਟਿਡ ਹਨ। ਰਾਜਬੀਰ ਸਿੰਘ ਉਸ ਦੀ ਕੰਪਨੀ ’ਚ ਡਾਇਰੈਕਟਰ ਤੇ ਰਾਜਬੀਰ ਦੇ ਮਾਮੇ ਦਾ ਪੁੱਤਰ ਪਰਮਵੀਰ ਸਿੰਘ ਸੀਏ ਸੀ। ਸਾਲ 2020 ’ਚ ਅਮਰੀਕਾ ਅਧਾਰਿਤ ਜੀਐਂਡਐੱਮ ਕੰਪਨੀ ਨਾਲ ਇੱਕ ਸੌਦਾ ਹੋਇਆ। ਉਕਤ ਕੰਪਨੀ ਨੇ 12,500 ਡਾਲਰ ਉਨ੍ਹਾਂ ਦੀ ਕੰਪਨੀ ਦੇ ਖਾਤੇ ’ਚ ਪਾ ਦਿੱਤੇ। ਇਸ ਦੌਰਾਨ ਕਰੋਨਾ ਮਹਾਮਾਰੀ ਸ਼ੁਰੂ ਹੋਣ ’ਤੇ ਉਕਤ ਕੰਪਨੀ ਨੇ ਇਕਰਾਰਨਾਮਾ ਰੱਦ ਕਰ ਦਿੱਤਾ। ਸਲਹੋਤਰਾ ਮੁਤਾਬਕ ਫਰਵਰੀ 2022 ’ਚ ਰਾਜਬੀਰ ਸਿੰਘ ਨੇ ਦੱਸਿਆ ਕਿ ਅਮਰੀਕਾ ਦੀ ਕੰਪਨੀ ਦੇ ਗਗਨਦੀਪ ਸਿੰਘ ਨੇ ਉਨ੍ਹਾਂ ਖ਼ਿਲਾਫ਼ ਈਡੀ ਕੋਲ ਸ਼ਿਕਾਇਤ ਕੀਤੀ ਹੈ। ਇਸ ਮਗਰੋਂ ਪਰਮਵੀਰ ਸਿੰਘ ਤੇ ਰਾਜਬੀਰ ਸਿੰਘ ਨੇ ਅੰਮ੍ਰਿਤਸਰ ’ਚ ਉਸ ਨੂੰ ਅਰਸ਼ਦੀਪ ਨਾਲ ਮਿਲਵਾਇਆ, ਜਿਸ ਨੇ ਮਾਮਲਾ ਹੱਲ ਦਾ ਭਰੋਸਾ ਦਿੱਤਾ। ਰਾਜਬੀਰ ਉਸ ਨੂੰ ਪਰਮਵੀਰ ਸਿੰਘ, ਅਰਸ਼ਦੀਪ ਸਿੰਘ ਕੋਲ ਲੈ ਕੇ ਗਿਆ, ਜਿਨ੍ਹਾਂ ਨੇ ਸ਼ਿਕਾਇਤ ਰੱਦ ਕਰਵਾਉਣ ਲਈ 4 ਲੱਖ ਰੁਪਏ ਜਦਕਿ ਅਰਸ਼ਦੀਪ ਦੀ ਸੈਟਲਮੈਂਟ ਫੀਸ ਵਜੋਂ 1 ਲੱਖ ਰੁਪਏ ਮੰਗੇ। ਮਨੀਸ਼ ਮੁਤਾਬਕ 7 ਮਾਰਚ ਨੂੰ ਰਾਜਬੀਰ ਨੇ ਪੈਸੇ ਮੰਗੇ ਤਾਂ ਉਸ ਨੇੇ ਪੈਸੇ ਅਰਸ਼ਦੀਪ ਨੂੰ ਦੇ ਦਿੱਤੇ। ਮਨੀਸ਼ ਮੁਤਾਬਕ ਇਸ ਦੌਰਾਨ ਉਸ ਨੇ ਈਡੀ ਦਫਤਰੋਂ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਉਸ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਆਈ ਤੇ ਉਸ ਨਾਲ ਠੱਗੀ ਹੋਈ ਹੈ। ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ’ਤੇ ਗਗਨਦੀਪ ਸਿੰਘ, ਰਾਜਬੀਰ ਸਿੰਘ, ਪਰਮਵੀਰ ਸਿੰਘ, ਅਰਸ਼ਦੀਪ ਸਿੰਘ ਗਰੋਵਰ, ਦੀਪੇਂਦਰ ਸਿੰਘ ਤੇ ਰੋਹਤਕ ਵਾਸੀ ਇੱਕ ਪ੍ਰਿੰਸੀਪਲ ਚੀਫ ਕਮਿਸ਼ਨਰ ਤੋਂ ਇਲਾਵਾ ਜੀਐੱਸਟੀ ਐਂਡ ਸੈਂਟਰਲ ਐਕਸਾਈਜ਼ ਦਫਤਰ ਚੇਨੱਈ ਦੇ ਸੁਪਰਡੈਂਟ ਰਵਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ।