ਫਾਰਚੂਨਰ ਖੋਹਣ ਦੇ ਮਾਮਲੇ ਵਿੱਚ ਛੇ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਜਗਰਾਉਂ, 9 ਨਵੰਬਰ
ਸਿੱਧਵਾਂ ਬੇਟ ਮਾਰਗ ਤੋਂ ਬੀਤੇ ਕੱਲ੍ਹ ਕੁੱਝ ਅਣ-ਪਛਾਤੇ ਵਿਅਕਤੀ ਫਾਰਚੂਨਰ ਗੱਡੀ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਨਦੀਪ ਕੌਰ ਵਾਸੀ ਮੰਗਲਾ ਐਨਕਲੇਵ ਥਾਣਾ ਸਦਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਮਨਿੰਦਰ ਸਿੰਘ ਨਿਊਜ਼ੀਲੈਂਡ ਗਿਆ ਹੋਇਆ ਹੈ ਤੇ ਉਸ ਨੇ ਫਾਰਚੂਨਰ ਗੱਡੀ ਕਰੀਬ ਦੋ ਵਰ੍ਹੇ ਪਹਿਲਾਂ ਮੋਗਾ ਤੋਂ ਆਪਣੇ ਪਰਿਵਾਰਿਕ ਸਾਥੀ ਸ਼ਮਸ਼ੇਰ ਸਿੰਘ ਵਾਸੀ ਕੋਠੇ ਸ਼ੇਰ ਜੰਗ ਦੇ ਨਾਮ ’ਤੇ ਖਰੀਦੀ ਸੀ।
ਮਨਦੀਪ ਕੌਰ ਅਨੁਸਾਰ ਇਹ ਗੱਡੀ ਉਹ 3 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਸੈਲਫ ਡਰਾਈਵ ਲਈ ਕਿਰਾਏ ’ਤੇ ਦਿੰਦੇ ਸਨ। ਬੀਤੇ ਕੱਲ੍ਹ ਵੀ ਦੋ ਮੋਟਰਸਾਈਕਲਾਂ ’ਤੇ ਕੁੱਝ ਬੰਦੇ ਸੈਲਫ ਡਰਾਈਵ ਲਈ ਗੱਡੀ ਵੇਖਣ ਲਈ ਆਏ ਤੇ ਮਨਦੀਪ ਦਾ ਭਰਾ ਗੁਰਤੇਜ ਉਨ੍ਹਾਂ ਨੂੰ ਗੱਡੀ ਦੀ ਟਰਾਈ ਦੇਣ ਲਈ ਨਾਲ ਗਿਆ। ਰਾਹ ਵਿੱਚ ਉਨ੍ਹਾਂ ਗੱਡੀ ਤਹਿਸੀਲ ਚੌਕ ਵੱਲ ਮੋੜ ਲਈ ਤੇ ਧੱਕੇ ਨਾਲ ਗੁਰਤੇਜ ਨੂੰ ਗੱਡੀ ’ਚੋਂ ਉਤਾਰ ਦਿੱਤਾ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਗੋਲਡੀ ਡਾਲਾ ਵਜੋਂ ਹੋਈ ਹੈ, ਜਿਸ ਨੂੰ ਉਹ ਪਹਿਲਾਂ ਵੀ ਜਾਣਦੇ ਸਨ। ਮਨਦੀਪ ਕੌਰ ਨੇ ਦੋਸ਼ ਲਾਇਆ ਹੈ ਕਿ ਭੇਤੀ ਹੋਣ ਕਾਰਨ ਗੋਲਡੀ ਡਾਲਾ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਨ੍ਹਾਂ ਦੀ ਗੱਡੀ ਹਥਿਆਉਣ ਦੀ ਯੋਜਨਾ ਬਣਾਈ ਸੀ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਦੇ ਬਿਆਨਾ ’ਤੇ ਗੋਲਡੀ ਡਾਲਾ ਤੇ ਉਸ ਦੇ ਪੰਜ ਅਣ-ਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭੀ ਗਈ ਹੈ।