ਕੁੱਟਮਾਰ ਦੇ ਮਾਮਲਿਆਂ ’ਚ ਸਤਾਰਾਂ ਜਣਿਆਂ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੁਲਾਈ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਲੜਾਈ-ਝਗੜੇ ਅਤੇ ਕੁੱਟਮਾਰ ਦੇ ਵੱਖ-ਵੱਖ ਮਾਮਲਿਆਂ ਸਬੰਧੀ ਦੋ ਔਰਤਾਂ ਸਮੇਤ ਸਤਾਰਾਂ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਦੀਪਕ ਨਿਸ਼ਾਦ ਵਾਸੀ ਮੁਹੱਲਾ ਮਹਿੰਦਰ ਨਗਰ ਨੇ ਦੱਸਿਆ ਕਿ ਉਹ ਆਪਣੇ ਕੰਮ-ਕਾਰ ਦੇ ਸਬੰਧ ਵਿੱਚ ਮੋਟਰਸਾਈਕਲ ’ਤੇ ਈਸਟਮੈਨ ਚੌਕ ਵੱਲ ਜਾ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਰਸਤੇ ਵਿੱਚ ਮਹਾਂਦੇਵ ਨਗਰ ਵਾਸੀਆਨ ਰਾਜਾ, ਬੋਰੀ, ਵਿਕਾਸ, ਵਿਸ਼ਾਲ, ਸਾਗਰ ਅਤੇ ਬੋਈਮੀਆ ਨੇ ਉਸਨੂੰ ਪੁਰਾਣੀ ਰੰਜਿਸ਼ ਕਾਰਨ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਗੁਰਮੁੁੱਖ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਾਸੀ ਸ਼ਿਵ ਕੁਮਾਰ ਨੇ ਦੱਸਿਆ ਕਿ ਘਰ ਦੇ ਸਾਹਮਣੇ ਖਾਲੀ ਪਲਾਟ ਵਿੱਚ 5-7 ਲੜਕੇ ਆਪਸ ਵਿੱਚ ਗਾਲੀ ਗਲੋਚ ਕਰ ਰਹੇ ਸਨ, ਜਿਨ੍ਹਾਂ ਨੂੰ ਉਸਦੀ ਪਤਨੀ ਨੇ ਗਾਲੀ ਗਲੋਚ ਕਰਨ ਤੋਂ ਮਨਾਂ ਕੀਤਾ ਤਾਂ ਉਨ੍ਹਾਂ ਪਤਨੀ ਨਾਲ ਵੀ ਗਾਲੀ-ਗਲੋਚ ਕੀਤੀ। ਇਸ ਦੌਰਾਨ ਪ੍ਰਿੰਸ, ਉਸਦਾ ਭਰਾ ਲਵਪ੍ਰੀਤ ਸਿੰਘ, ਪਰਮਜੀਤ ਕੌਰ ਅਤੇ ਲੜਕੀ ਸਿਮਰਨਜੀਤ ਕੌਰ ਵੀ ਆ ਗਏ। ਉਨ੍ਹਾਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਵੱਲੋਂ ਬਲਵੀਰ ਸਿੰਘ ਉਰਫ਼ ਨਿੱਕਾ, ਲਵਪ੍ਰੀਤ ਸਿੰਘ, ਪ੍ਰਿੰਸ, ਰਾਹੁਲ ਮਹਿਰਾ ਉਰਫ਼ ਅਮਨ ਮਹਿਰਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਰੋਹਿਤ ਲੋਹਟ ਵਾਸੀ ਜੁਝਾਰ ਨਗਰ ,ਪਰਮਜੀਤ ਕੌਰ ਅਤੇ ਸਿਮਰਨਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਕਰਨ ਕੁਮਾਰ ਵਾਸੀ ਬੇਅੰਤ ਨਗਰ ਮੋਗਾ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਆਪਣੇ ਦੋਸਤਾਂ ਨਾਲ ਕੁਝ ਖਾਣ ਲਈ ਕਾਰ ਵਿੱਚ ਫਿਰੋਜ਼ ਗਾਂਧੀ ਮਾਰਕੀਟ ਗਿਆ ਸੀ। ਜਦੋਂ ਉਹ ਆਪਣੀ ਕਾਰ ਪਾਰਕਿੰਗ ਵਿੱਚ ਖੜ੍ਹੀ ਕਰ ਰਹੇ ਸਨ ਤਾਂ ਅਚਾਨਕ ਇੱਕ ਫਾਰਚੂਰਨ ਕਾਰ ਦੇ ਡਰਾਈਵਰ ਨੇ ਆਪਣੀ ਉਕਤ ਫਾਰਚੂਨਰ ਅੱਗੇ ਲਗਾ ਕੇ ਰਸਤਾ ਘੇਰ ਲਿਆ ਅਤੇ ਉਸ ਨਾਲ ਗਾਲੀ ਗਲੋਚ ਕਰਦਿਆਂ ਕੁੱਟਮਾਰ ਕੀਤੀ। ਜਦੋਂ ਉਸਦੇ ਦੋਸਤ ਉਸਨੂੰ ਛੁਡਾਉਣ ਲੱਗੇ ਤਾਂ ਉਨ੍ਹਾਂ ਨੇ ਪਿਸਤੌਲ ਕੱਢ ਕੇ ਡਰਾਵਾ ਦਿੱਤਾ ਅਤੇ ਉਸਦਾ ਆਈ ਫੋਨ-13 ਖੋਹਕੇ ਤੋੜ ਦਿੱਤਾ। ਇਸ ਦੌਰਾਨ ਉਨ੍ਹਾਂ ਕੁੱਟਮਾਰ ਕਰਦਿਆਂ ਦੀ ਵੀਡਿਓ ਬਣਾਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਖੁਸ਼ਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਹਿਬ ਸਿੰਘ ਵਾਸੀ ਮਾਡਲ ਹਾਊਸ, ਨਿਸ਼ਾਂਤ ਡਾਬਰ ਵਾਸੀ ਰਾਧਾ ਸੁਆਮੀ ਰੋਡ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਮੇਹਰਬਾਨ ਦੀ ਪੁਲੀਸ ਨੂੰ ਗੁਰਜੀਤ ਕੌਰ ਵਾਸੀ ਸਰਪੰਚ ਕਲੋਨੀ ਪਿੰਡ ਗੌਸਗੜ੍ਹ ਨੇ ਦੱਸਿਆ ਕਿ ਉਹ ਆਪਣੀ ਭੈਣ ਗੁਰਪ੍ਰੀਤ ਕੌਰ ਨਾਲ ਮੋਟਰਸਾਈਕਲ ’ਤੇ ਘਰ ਆ ਰਹੀਆਂ ਸੀ ਤਾਂ ਸਤਸੰਗ ਘਰ ਬਿਆਸ-ਰਾਵਤ ਦੇ ਗੇਟ ਨੰਬਰ 2 ਪਾਸ ਸੁਖਵਿੰਦਰ ਸਿੰਘ ਉਰਫ਼ ਕਿੰਦੀ ਨੇ ਉਨ੍ਹਾਂ ਨੂੰ ਘੇਰ ਕੇ ਦੋਸਤੀ ਕਰਨ ਲਈ ਕਿਹਾ। ਉਸਦੇ ਵਿਰੋਧ ਕਰਨ ’ਤੇ ਉਸਨੇ ਉਸਦੀ ਟੀ-ਸ਼ਰਟ ਫਾੜ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।