ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਮਹਿਬੂਬਾ ਖ਼ਿਲਾਫ਼ ਕੇਸ ਦਰਜ
ਸ੍ਰੀਨਗਰ, 29 ਮਈ
ਕਸ਼ਮੀਰ ਵਿੱਚ ਚੋਣ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਹਿਬੂਬਾ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਵੱਲੋਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਧਾਰਾ 144 ਦੀ ਉਲੰਘਣਾ ਕਰਨ ’ਤੇ ਪੀਡੀਪੀ ਆਗੂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਮਹਿਬੂਬਾ ਨੇ ਇਸ ਬਾਰੇ ‘ਐਕਸ’ ’ਤੇ ਕਿਹਾ, ‘‘ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਉਲੰਘਣਾ ਕਰਨ ’ਤੇ ਮੇਰੇ ਖ਼ਿਲਾਫ਼ ਐੱਫਆਈਆਰ ਦਰਜ ਕਰਨਾ ਹਾਸੋਹੀਣਾ ਹੈ। ਪੀਡੀਪੀ ਨੂੰ ਸੱਤਾ ਸਾਹਮਣੇ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ ਹੈ। ਸਾਡਾ ਪ੍ਰਦਰਸ਼ਨ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੋਟਿੰਗ ਤੋਂ ਪਹਿਲਾਂ ਪੀਡੀਪੀ ਦੇ ਸੈਂਕੜੇ ਪੋਲਿੰਗ ਏਜੰਟਾਂ ਅਤੇ ਵਰਕਰਾਂ ਨੂੰ ਹਿਰਾਸਤ ’ਚ ਲਏ ਜਾਣ ਖ਼ਿਲਾਫ਼ ਸੀ।’’ ਉਨ੍ਹਾਂ ਕਿਹਾ, ‘‘ਹਾਲੇ ਵੀ ਸੰਤੁਸ਼ਟ ਨਾ ਹੋਣ ’ਤੇ ਉਸੇ ਪ੍ਰਸ਼ਾਸਨ ਨੇ ਸਾਡੇ ਵੋਟਰਾਂ ਨੂੰ ਡਰਾਉਣ ਅਤੇ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੀਡੀਪੀ ਦਾ ਗੜ੍ਹ ਮੰਨੇ ਜਾਂਦੇ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਉਲਟਾ ਚੋਰ ਕੋਤਵਾਲ ਕੋ ਡਾਂਟੇ।’’ ਐੱਫਆਈਆਰ ਵਿੱਚ ਕਿਹਾ ਗਿਆ ਹੈ, ‘‘ਪੀਡੀਪੀ ਵਰਕਰਾਂ ਨੇ ਮੁੱਖ ਸੜਕ ਨੂੰ ਵੀ ਜਾਮ ਕਰ ਦਿੱਤਾ ਅਤੇ ਬਿਜਬੇਹੜਾ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਪ੍ਰਦਰਸ਼ਨ ਕੀਤਾ ਜੋ ਹਲਕੇ ਵਿੱਚ ਲਾਗੂ ਫੌਜਦਾਰੀ ਜ਼ਾਬਤਾ (ਸੀਆਰਪੀਸੀ) ਦੀ ਧਾਰਾ 144 ਦੀ ਉਲੰਘਣਾ ਹੈ।’’ -ਪੀਟੀਆਈ