ਨੌਜਵਾਨ ਦੀ ਕੁੱਟਮਾਰ ਕਰਨ ਸਬੰਧੀ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਫਗਵਾੜਾ, 30 ਅਗਸਤ
ਇੱਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸ ਦੀ ਕਾਰ ਦੀ ਭੰਨ ਤੋੜ ਕਰਨ ਦੇ ਸਬੰਧ ’ਚ ਸਿਟੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਾਹਿਲ ਬੱਗਾ ਵਾਸੀ ਸੁਭਾਸ਼ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਭਰਾ ਮਿਅੰਕ ਨਾਲ ਜਲੰਧਰ ਤੋਂ ਵਾਪਸ ਘਰ ਆਇਆ ਸੀ ਤੇ ਗੱਡੀ ਗੈਰਿਜ਼ ’ਚ ਲੱਗਾ ਰਿਹਾ ਸੀ ਤਾਂ ਇਸੇ ਦੌਰਾਨ ਕਰੀਬ ਅੱਧੀ ਦਰਜਨ ਤੋਂ ਵੱਧ ਨੌਜਵਾਨ ਆਏ ਜਿਨ੍ਹਾਂ ਪਾਸ ਤੇਜ਼ ਹਥਿਆਰ ਸਨ ਉਨ੍ਹਾਂ ਆ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਜਿਸ ਨਾਲ ਉਸ ਦੀ ਲੱਤ ਕੱਟ ਗਈ ਤੇ ਉਸਦੀ ਗੱਡੀ ਦੀ ਵੀ ਇੱਟਾਂ ਤੇ ਦਾਤਰ ਮਾਰ ਕੇ ਕਾਫ਼ੀ ਭੰਨਤੋੜ ਕੀਤੀ। ਇਸ ਸਬੰਧ ’ਚ ਪੁਲੀਸ ਨੇ ਹਿਮਾਂਸ਼ੂ, ਮਾਨਵ ਹੰਸਜੀਤ, ਕਰਨ, ਸੁੱਖਾ, ਸਾਹਿਲ, ਲੱਕੀ ਭੋਗਲ ਵਾਸੀ ਫਤਿਹਗੜ੍ਹ, ਵਿੱਕੀ ਰਾਜਪੂਤ ਵਾਸੀ ਜੇ.ਸੀ.ਟੀ ਮਿੱਲ ਖਿਲਾਫ਼ ਕੇਸ ਦਰਜ ਕੀਤਾ ਹੈ।
ਤਿੰਨ ਜਣਿਆਂ ਨੂੰ ਜ਼ਖ਼ਮੀ ਕਰਨ ਵਾਲਾ ਗ੍ਰਿਫ਼ਤਾਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪੁਲੀਸ ਨੇ ਅੱਜ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਬੀਤੇ ਦਿਨ ਇੱਕ ਲੜਕੀ, ਉਸ ਦੀ ਭੈਣ ਅਤੇ ਦਾਦੇ ਨੂੰ ਦਾਤਰ ਨਾਲ ਜ਼ਖ਼ਮੀ ਕਰ ਦਿੱਤਾ ਸੀ। ਗ੍ਰਿਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਸੁਖਬੀਰ ਸਿੰਘ ਵਜੋਂ ਹੋਈ ਹੈ।