ਸਪਾਅ ਮਾਲਕ ਸਣੇ ਚਾਰ ਖਿਲਾਫ਼ ਕੇਸ ਦਰਜ
ਹਰਜੀਤ ਸਿੰਘ
ਜ਼ੀਰਕਪੁਰ, 22 ਸਤੰਬਰ
ਪੁਲੀਸ ਨੇ ਇਥੋਂ ਦੀ ਵੀਆਈਪੀ ਰੋਡ ’ਤੇ ਦੇਵਾ ਜੀ ਮਾਰਕੀਟ ਸ਼ਾਪਿੰਗ ਕੰਪਲੈਕਸ ਵਿੱਚ ਸਥਿਤ ਮਾਡਰਨ ਸਪਾਅ ਸੈਂਟਰ ਦੇ ਮਾਲਕ ਖ਼ਿਲਾਫ਼ ਮਸਾਜ ਪਾਰਲਰ ਦੀ ਆੜ ਹੇਠ ਦੇਹ ਵਪਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੌਕੇ ਤੋਂ ਛੇ ਵਿਦੇਸ਼ੀ ਲੜਕੀਆਂ ਨੂੰ ਛੁਡਵਾਇਆ ਹੈ, ਜਿਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਸਪਾਅ ਸੈਂਟਰ ਦੇ ਮਾਲਕ ਸਣੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕਰ ਕੇ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਗੋਬਿੰਦ ਸਿੰਘ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ। ਜਦਕਿ ਦੋ ਜਣੇ ਅਜੇ ਫ਼ਰਾਰ ਹਨ। ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀਆਈਪੀ ਰੋਡ ’ਤੇ ਸਥਿਤ ਟ੍ਰਿੱਪਲ ਸੀ ਬਿਜਨੈੱਸ ਸਕੁਏਅਰ ਵਿੱਚ ਸਥਿਤ ਪੰਜ ਸਪਾਅ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਸੂਚਨਾ ਮਿਲੀ ਸੀ ਕਿ ਮਾਡਰਨ ਸਪਾਅ ਸੈਂਟਰ ਵਿੱਚ ਵੀ ਦੇਹ ਵਪਾਰ ਚੱਲ ਰਿਹਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਧੰਦਾ ਸਪਾ ਸੈਂਟਰ ਦਾ ਮਾਲਕ ਬਲਜੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਚਲਾਉਂਦਾ ਹੈ। ਥਾਣਾ ਮੁਖੀ ਜਸਕੰਵਲ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਮੌਕੇ ਤੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਛੇ ਵਿਦੇਸ਼ੀ ਲੜਕੀਆਂ ਨੂੰ ਆਜ਼ਾਦ ਕਰਵਾਇਆ ਹੈ। ਡੀਐੱਸਪੀ ਜ਼ੀਰਕਪੁਰ ਨੇ ਕਿਹਾ ਕਿ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਸ਼ਹਿਰ ਵਿੱਚ ਕੋਈ ਵੀ ਨਾਜਾਇਜ਼ ਧੰਦਾ ਨਹੀਂ ਚੱਲਣ ਦਿੱਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਮਾੜੇ ਅਨਸਰਾਂ ਖ਼ਿਲਾਫ ਕਾਰਵਾਈ ਜਾਰੀ ਰੱਖੀ ਜਾਏਗੀ।