ਖਰੀਦ ਏਜੰਸੀ ਦੇ ਇੰਸਪੈਕਟਰ ਸਣੇ ਚਾਰ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 26 ਅਕਤੂਬਰ
ਪਨਸਪ ਦੇ ਸਥਾਨਕ ਦਫ਼ਤਰ ਦੇ ਇੰਸਪੈਕਟਰ ਅਤੇ ਚੌਕੀਦਾਰ ਸਮੇਤ ਚਾਰ ਵਿਅਕਤੀਆਂ ਵਿਰੁੱਧ ਗੁਦਾਮ ਵਿੱਚ ਰੱਖੀ ਕਣਕ ’ਤੇ ਪਾਣੀ ਛਿੜਕ ਕੇ ਵਜ਼ਨ ਵਧਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਇੰਸਪੈਕਟਰ ਗੁਰਸ਼ਰਨਦੀਪ ਸਿੰਘ ਵਾਸੀ ਸੰਗਾਲੀ, ਚੌਕੀਦਾਰ ਵਰਿੰਦਰ ਸਿੰਘ ਵਾਸੀ ਦੁਲਮਾਂ ਪਿੰਡ, ਸ਼ੱਤਰੂਘਣ ਵਾਸੀ ਧੂਰੀ ਤੇ ਸੰਜੀਵ ਕੁਮਾਰ ਵਾਸੀ ਧੂਰੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਵਰਿੰਦਰ ਸਿੰਘ ਤੇ ਸ਼ਤਰੂਘਣ ਦੇ ਕਬਜ਼ੇ ’ਚੋਂ ਪਾਣੀ ਨਾਲ ਗਿੱਲੀ ਕੀਤੀਆਂ ਕਣਕ ਦੀਆਂ ਤਿੰਨ ਬੋਰੀਆਂ, ਪਾਣੀ ਛਿੜਕਣ ਲਈ ਵਰਤੀ ਗਈ ਪਾਈਪ ਤੇ ਇੰਸਪੈਕਟਰ ਗੁਰਸ਼ਰਨਦੀਪ ਸਿੰਘ ਦੀ ਗੱਡੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਅਹਿਮਦਗੜ੍ਹ ਸਿਟੀ ਪੁਲੀਸ ਨੇ ਡੀਐੱਸਪੀ ਰਾਜਨ ਸ਼ਰਮਾ ਤੇ ਐੱਸਐੱਚਓ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਸੂਚਨਾ ’ਤੇ ਕਾਰਵਾਈ ਕਰਦਿਆਂ ਇਸ ਠੱਗੀ ਦਾ ਪਰਦਾਫਾਸ਼ ਕੀਤਾ ਹੈ। ਥਾਣੇਦਾਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਵੱਲੋਂ ਪਨਸਪ ਦੇ ਗੁਦਾਮਾਂ ’ਚੋਂ ਦੂਰ ਦਰਾਡੇ ਕਣਕ ਢੋਹਣ ਲਈ ਸਪੈਸ਼ਲ ਮਾਲ ਗੱਡੀ ਲੱਗਣ ਤੋਂ ਇਕ ਦਿਨ ਪਹਿਲਾਂ ਪਾਣੀ ਛਿੜਕ ਕੇ ਕਣਕ ਦਾ ਵਜ਼ਨ ਵਧਾਇਆ ਜਾਂਦਾ ਸੀ। ਰਾਤ ਵੇਲੇ ਅਧਿਕਾਰੀਆਂ ਵੱਲੋਂ ਪਨਸਪ ਦੇ ਗੁਦਾਮਾਂ ਵਿੱਚ ਕਣਕ ਗਿੱਲੀ ਕਰਕੇ ਵਜ਼ਨ ਵਧਾਉਣ ਦੀ ਮਿਲੀਭੁਗਤ ਕਾਰਨ ਇੱਕ ਪਾਸੇ ਰੇਲਵੇ ਅਧਿਕਾਰੀਆਂ, ਖਰੀਦ ਏਜੰਸੀਆਂ ਤੇ ਹੋਰ ਲੋਕਾਂ ਨਾਲ ਧੋਖਾ ਹੁੰਦਾ ਸੀ, ਦੂਜੇ ਪਾਸੇ ਗਿੱਲੀ ਹੋਈ ਕਣਕ ਨੂੰ ਉੱਲੀ ਵੀ ਲੱਗ ਜਾਂਦੀ ਸੀ। ਜਾਂਚ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।