For the best experience, open
https://m.punjabitribuneonline.com
on your mobile browser.
Advertisement

ਸਾਬਕਾ ਕੌਂਸਲਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ

09:04 AM Apr 09, 2024 IST
ਸਾਬਕਾ ਕੌਂਸਲਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ
Advertisement

ਹਤਿੰਦਰ ਮਹਿਤਾ
ਜਲੰਧਰ, 8 ਅਪਰੈਲ
ਇੱਥੋਂ ਦੀ ਰਾਮਾਂ ਮੰਡੀ ਦੇ ਤੁਲਸੀ ਸੈਨੀਟੇਸ਼ਨ ਦੇ ਮਾਲਕ ਤੇ ਸਾਬਕਾ ਕੌਂਸਲਰ ਵਿਜੇ ਦਕੋਹਾ, ਬੌਬੀ ਦਕੋਹਾ, ਸੁਭਾਸ਼, ਮਨੀਸ਼ ਸ਼ੰਕਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੁੱਟਮਾਰ, ਧਮਕਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਥਾਣਾ ਰਾਮਾਂ ਮੰਡੀ ਦੇ ਐੱਸਐੱਚਓ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਭੀਮ ਸੇਨ ਵਾਸੀ ਅਮਨਪੁਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਟਾਈਲਾਂ ਵਿਛਾਉਣ ਦਾ ਕੰਮ ਕਰਦਾ ਹੈ। ਫਿਲਹਾਲ ਉਸ ਨੇ ਕਪੂਰਥਲਾ ਚੌਕ ਨੇੜੇ ਸਥਿਤ ਜਲੰਧਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਦੇ ਘਰ ਦਾ ਕੰਮ ਸ਼ੁਰੂ ਕੀਤਾ ਸੀ ਜਦਕਿ ਇਸ ਦੇ ਨਾਲ ਹੀ ਉਹ ਕੈਨਾਲ ਕਲੋਨੀ ਰੈਸਟ ਹਾਊਸ ਵਿੱਚ ਵੀ ਕੰਮ ਕਰ ਰਿਹਾ ਹੈ। ਉਹ ਜਲੰਧਰ ਦੇ ਰਾਮਾਂ ਮੰਡੀ ਸਥਿਤ ਤੁਲਸੀ ਸੈਨੀਟੇਸ਼ਨ ਤੋਂ ਟਾਈਲਾਂ ਖਰੀਦਦਾ ਹੈ। ਠੇਕੇਦਾਰ ਨੇ ਤੁਲਸੀ ਸੈਨੀਟੇਸ਼ਨ ਦੇ ਮਾਲਕ ਵਿਜੇ ਦਕੋਹਾ ਨਾਲ 300 ਟਾਈਲਾਂ ਦੇ ਪੈਕੇਟਾਂ ਦਾ ਸੌਦਾ ਕੀਤਾ ਸੀ। ਜਦੋਂ ਉਹ ਦੋ ਦਿਨ ਪਹਿਲਾਂ ਟਾਈਲਾਂ ਖਰੀਦਣ ਆਇਆ ਤਾਂ ਤੁਲਸੀ ਸੈਨੀਟੇਸ਼ਨ ਵੱਲੋਂ 150 ਪੈਕੇਟ ਭੇਜੇ ਗਏ ਸਨ। ਜਦੋਂ ਪੈਕੇਟ ਖੋਲ੍ਹੇ ਗਏ ਤਾਂ ਜ਼ਿਆਦਾਤਰ ਟਾਈਲਾਂ ਟੁੱਟੀਆਂ ਹੋਈਆਂ ਸਨ ਜਿਸ ਦੀ ਸੂਚਨਾ ਤੁਲਸੀ ਸੈਨੀਟੇਸ਼ਨ ਦੀ ਮਾਲਕ ਵਿਜੇ ਦਕੋਹਾ ਨੂੰ ਦਿੱਤੀ ਗਈ। ਪੀੜਤ ਦਾ ਦੋਸ਼ ਹੈ ਕਿ ਉਸ ਸਮੇਂ ਮਾਲਕ ਨੇ ਕਿਹਾ ਕਿ ਉਹ ਭਲਕੇ ਟਾਈਲਾਂ ਦੇ ਬਾਕੀ ਪੈਕੇਟ ਭੇਜ ਦੇਣਗੇ ਅਤੇ ਟੁੱਟੀਆਂ ਵੀ ਵਾਪਸ ਕਰ ਦੇਣਗੇ। ਉਸ ਨੇ ਦੋਸ਼ ਲਾਇਆ ਕਿ ਸ਼ਨਿਚਰਵਾਰ ਨੂੰ ਜਦੋਂ ਉਹ ਟੁੱਟੀਆਂ ਟਾਈਲਾਂ ਵਾਪਸ ਕਰਨ ਲਈ ਤੁਲਸੀ ਸੈਨੀਟੇਸ਼ਨ ਪਹੁੰਚਿਆ ਤਾਂ ਦੁਕਾਨ ’ਤੇ ਬੈਠੇ ਸਾਬਕਾ ਕੌਂਸਲਰ ਵਿਜੇ ਦਕੋਹਾ ਅਤੇ ਉਸ ਦੇ ਲੜਕੇ ਬੌਬੀ ਦਕੋਹਾ ਨੇ ਉਸ ਨਾਲ ਬਦਸਲੂਕੀ ਕੀਤੀ। ਉਸ ਨੇ ਸੁਭਾਸ਼, ਮਨੀਸ਼ ਸ਼ੰਕਰ ਅਤੇ ਇੱਕ ਅਣਪਛਾਤੇ ਨੌਜਵਾਨ ਨੂੰ ਵੀ ਮੌਕੇ ’ਤੇ ਬੁਲਾਇਆ। ਪੰਜਾਂ ਮੁਲਜ਼ਮਾਂ ਨੇ ਮਿਲ ਕੇ ਲੱਕੜ ਦੇ ਡੰਡਿਆਂ ਨਾਲ ਸਿਰ ’ਤੇ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੀੜਤ ਅਨੁਸਾਰ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸ ਦਾ ਮਜ਼ਦੂਰ ਤੁਲਸੀ ਸੈਨੀਟੇਸ਼ਨ ਕੋਲ ਪਹੁੰਚਿਆ ਤਾਂ ਉਕਤ ਹਮਲਾਵਰਾਂ ਨੇ ਉਸ ਨੂੰ ਵੀ ਦੁਕਾਨ ’ਤੇ ਬਿਠਾ ਲਿਆ। ਇਸ ਤੋਂ ਬਾਅਦ ਮਜ਼ਦੂਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਲੇਬਰ ਦੇ ਮਨੀਸ਼ ਅਤੇ ਇੱਕ ਹੋਰ ਮਜ਼ਦੂਰ ’ਤੇ ਵੀ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੂਚਨਾ ਮਿਲਣ ’ਤੇ ਠੇਕੇਦਾਰ ਨੇ ਦੁਕਾਨ ’ਤੇ ਪਹੁੰਚ ਕੇ ਸਾਰਿਆਂ ਨੂੰ ਛੁਡਵਾਇਆ। ਪੀੜਤ ਅਨੁਸਾਰ ਇਸ ਦੌਰਾਨ ਠੇਕੇਦਾਰ ਉਸ ਨੂੰ ਸਿਵਲ ਹਸਪਤਾਲ ਲੈ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਰਾਮਾਂ ਮੰਡੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲੀਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਧਾਰਾ 323, 325, 342, 506 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×