ਕਾਂਗਰਸ ਦੇ ਬਲਾਕ ਪ੍ਰਧਾਨ ਸਣੇ ਪੰਜ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਰਵਿੰਦਰ ਰਵੀ
ਬਰਨਾਲਾ, 22 ਨਵੰਬਰ
ਪੁਲੀਸ ਨੇ ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਲੋਟਾ ਸਮੇਤ ਪੰਜ ਜਣਿਆਂ ’ਤੇ ਕੁੱਟਮਾਰ ਤੇ ਚਾਂਦੀ ਦੀ ਚੇਨ ਖੋਹਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਪੁਲੀਸ ਕੋਲ ਚੰਡੀਗੜ੍ਹ ਵਾਸੀ ਕੁਸ਼ਲਪਾਲ ਸਿੰਘ ਮਾਨ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ 20 ਨਵੰਬਰ ਨੂੰ ਬਰਨਾਲਾ ਵਿੱਚ ਜ਼ਿਮਨੀ ਚੋਣ ’ਚ ਉਹ ਆਪਣੇ ਭਾਣਜੇ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੇ ਹੱਕ ’ਚ ਚੋਣ ਪ੍ਰਚਾਰ ਅਤੇ ਦਫ਼ਤਰੀ ਸਹਾਇਤਾ ਲਈ ਆਇਆ ਹੋਇਆ ਸੀ। 20 ਨਵੰਬਰ ਨੂੰ ਚੋਣ ਵਾਲੇ ਦਿਨ ਪਾਰਟੀ ਦੇ ਵਰਕਰ ਉੱਤਮ ਬਾਂਸਲ ਵਾਸੀ ਬਰਨਾਲਾ ਨੇ ਸ਼ਾਮ ਜਾਣਕਾਰੀ ਦਿੱਤੀ ਕਿ ਮਹੇਸ਼ ਕੁਮਾਰ ਲੋਟਾ ਲਾਲ ਬਹਾਦਰ ਸ਼ਾਸਤਰੀ ਕਾਲਜ ’ਚ ਵੋਟਰਾਂ ਨੂੰ ਗੁਮਰਾਹ ਕਰ ਰਿਹਾ ਹੈ। ਪਾਰਟੀ ਵਰਕਰ ਉੱਤਮ ਬਾਂਸਲ ਵੱਲੋਂ ਪੁਲੀਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਪੁਲੀਸ ਨੇ ਮਹੇਸ਼ ਕੁਮਾਰ ਲੋਟੇ ਦੀ ਦੁਕਾਨ ’ਤੇ ਛਾਪੇਮਾਰੀ ਕਰਦਿਆਂ ਉੱਤਮ ਬਾਂਸਲ ਦੀ ਹਾਜ਼ਰੀ ’ਚ ਤਲਾਸ਼ੀ ਦੌਰਾਨ ’ਚ ਕੋਈ ਪੈਸਾ ਜਾਂ ਵੋਟਾਂ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ। ਕੁਸ਼ਲਪਾਲ ਸਿੰਘ ਮਾਨ ਦੇ ਬਿਆਨ ਅਨੁਸਾਰ ਪੁਲੀਸ ਦੇ ਪੜਤਾਲੀਆਂ ਅਧਿਕਾਰੀ ਦੇ ਚਲੇ ਜਾਣ ਤੋਂ ਬਾਅਦ ਮਹੇਸ਼ ਕੁਮਾਰ ਲੋਟਾ ਉਸ ਦਾ ਦੋਸਤ ਟਿੰਕੂ, ਬਲਦੇਵ ਸਿੰਘ ਭੁੱਚਰ ਲੱਕੀ ਪੱਖੋਂ ਅਤੇ ਪ੍ਰਦੀਪ ਸਿੰਘ ਵਾਸੀ ਕੁਰੜ ਨੇ ਉਸ ਦੀ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲੇ ’ਚ ਪਾਈ ਚਾਂਦੀ ਦੀ ਚੇਨ ਖੋਹ ਲਈ। ਇਸ ਦੌਰਾਨ ਪੀੜਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁਸ਼ਲਪਾਲ ਸਿੰਘ ਮਾਨ ਨੇ ਪੁਲੀਸ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੀ ਅਪੀਲ ਕੀਤੀ। ਪੜਤਾਲੀਆਂ ਅਫ਼ਸਰ ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਸਾਬਕਾ ਕੌਂਸਲਰ ਮਹੇਸ਼ ਕੁਮਾਰ ਲੋਟਾ, ਬਲਦੇਵ ਸਿੰਘ ਭੁੱਚਰ ਲੱਕੀ ਪੱਖੋਂ ਅਤੇ ਪ੍ਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮੇਰੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ: ਮਹੇਸ਼ ਲੋਟਾ
ਬਲਾਕ ਕਾਂਗਰਸ਼ ਪ੍ਰਧਾਨ ਮਹੇਸ਼ ਲੋਟਾ ਨੇ ਨੇ ਕਿਹਾ ਕਿ ਉਹ ਅਤੇ ਉਸ ਸਾਥੀਆਂ ’ਤੇ ਪੁਲੀਸ ਵੱਲੋਂ ਦਰਜ ਕੇਸ ਬੇਬੁਨਿਆਦ ’ਤੇ ਤੱਥਾਂ ਤੋਂ ਕੋਹਾ ਦੂਰ ਹੈ। ਉਸ ਕੋਲ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ ਅਤੇ ਬੀਤੇ ਦਿਨੀਂ ਹੀ ਮੁੱਖ ਚੋਣ ਕਮਿਸ਼ਨਰ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਅਤੇ 150 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ, ਉਸ ਦੇ ਦਫ਼ਤਰ ਨੂੰ ਅੱਗ ਲਾਉਣ ਅਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਸੀ।