ਲੋਹਾ ਸਕਰੈਪ ਵੇਚਣ ਦੇ ਮਾਮਲੇ ਵਿੱਚ ਪੰਜ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਸਮਾਣਾ, 30 ਨਵੰਬਰ
ਗੁਰਦਾਸਪੁਰ ਤੋਂ ਭੇਜੇ 19.56 ਲੱਖ ਰੁਪਏ ਕੀਮਤ ਦੇ 56 ਟਨ ਲੋਹਾ ਸਕਰੈਪ ਨਾਲ ਭਰੇ ਦੋ ਟਰੱਕ ਉਨ੍ਹਾਂ ਦੇ ਚਾਲਕਾਂ ਵੱਲੋਂ ਮਿਲੀਭੁਗਤ ਨਾਲ ਸਮਾਣਾ ਦੇ ਇਕ ਕਬਾੜੀ ਨੂੰ ਵੇਚ ਦਿੱਤੇ ਗਏ। ਇਸ ਸਬੰਧੀ ਸਿਟੀ ਪੁਲੀਸ ਨੇ ਕਬਾੜੀ ਸਣੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਵਿੱਚ ਕਬਾੜੀ ਅਮਰਜੀਤ ਸਿੰਘ ਨਿਵਾਸੀ ਗੜ੍ਹੀ ਮੁਹੱਲਾ ਸਮਾਣਾ, ਗੁਰਪਿੰਦਰ ਸਿੰਘ ਨਿਵਾਸੀ ਪਿੰਡ ਰਾਜਗੜ੍ਹ, ਕਰਨਬੀਰ ਸਿੰਘ ਨਿਵਾਸੀ ਜੱਟਾ ਪਤੀ ਸਮਾਣਾ, ਲੱਕੀ ਨਿਵਾਸੀ ਡੇਰਾ ਪਟਵਾਰੀਆ ਸਮਾਣਾ ਅਤੇ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਢੈਂਠਲ ਸ਼ਾਮਲ ਹਨ।
ਸਿਟੀ ਪੁਲੀਸ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਤਰੁਣ ਸੋਢੀ ਨਿਵਾਸੀ ਪਿੰਡ ਸਾਹੁਵਾਲ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦੋ ਟਰੱਕਾਂ ਵਿੱਚ ਕ੍ਰਮਵਾਰ 25 ਟਨ ਤੇ 31 ਟਨ ਲੋਹੇ ਦਾ ਸਕਰੈਪ ਲੋਡ ਕਰਵਾਇਆ ਸੀ ਪਰ ਮੁਲਜ਼ਮਾਂ ਨੇ ਮਿਲੀਭੁਗਤ ਨਾਲ 19.56 ਲੱਖ ਰੁਪਏ ਕੀਮਤ ਦੇ 56 ਟਨ ਸਕਰੈਪ ਨਾਲ ਭਰੇ ਦੋਵੇਂ ਟਰੱਕ ਭਵਾਨੀਗੜ੍ਹ ਰੋਡ ਸਮਾਣਾ ਸਥਿਤ ਕਬਾੜੀ ਅਮਰਜੀਤ ਸਿੰਘ ਨੂੰ ਵੇਚ ਦਿੱਤੇ।
ਪੁਲੀਸ ਨੇ ਮਾਮਲੇ ਦੀ ਜਾਂਚ ਪੜਤਾਲ ਮਗਰੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਦੋਂ ਕਿ ਸਾਰੇ ਮੁਲਜ਼ਮ ਫਰਾਰ ਹਨ।