ਕੁੱਟਮਾਰ ਦੇ ਮਾਮਲੇ ਵਿੱਚ ਪੰਜ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਰਤੀਆ, 3 ਸਤੰਬਰ
ਬੀਤੀ ਰਾਤ ਪਿੰਡ ਡਿੱਗੀ ਢਾਣੀ ਵਿਚ ਹੋਏ ਵਿਵਾਦ ਦੇ ਚੱਲਦੇ ਸ਼ਹਿਰ ਥਾਣਾ ਪੁਲੀਸ ਨੇ ਦੂਜੀ ਧਿਰ ਦੇ ਮਿੰਟੂ ਪੁੱਤਰ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਪਿੰਡ ਦੇ ਸੱਤਿਆਵਾਨ, ਦਿਲਖੁਸ਼, ਵਿਜੇ, ਬਿੰਦਰ ਅਤੇ ਤੇਲੂ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਸੱਤਿਆਵਾਨ ਦਾ ਭਤੀਜਾ ਦਿਲਖੁਸ਼ ਪਿੰਡ ਦੇ ਬੱਸ ਅੱਡੇ ’ਤੇ ਆਇਆ ਸੀ ਅਤੇ ਉਸ ਦੇ ਹੱਥ ਵਿੱਚ ਡੰਡਾ ਸੀ। ਉਸ ਨੇ ਦੋਸ਼ ਲਗਾਇਆ ਕਿ ਦਿਲਖੁਸ਼ ਨੇ ਉਸ ਦੇ ਭਰਾ ਸੁਭਾਸ਼ ਨੂੰ ਬੱਸ ਅੱਡੇ ’ਤੇ ਕਿਉਂ ਬੈਠਾ ਹੈ, ਬਾਰੇ ਬੋਲਿਆ ਸੀ। ਇਸ ਉਪਰੰਤ ਉਸ ਨੇ ਝਗੜਾ ਕਰ ਲਿਆ ਅਤੇ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਰੌਲੇ ਨੂੰ ਸੁਣ ਕੇ ਉਹ ਅਤੇ ਉਸ ਦੇ ਭਰਾ ਦੀ ਪਤਨੀ ਕਲਾਵੰਤੀ ਆਪਣੇ ਮਕਾਨ ਤੋਂ ਭੱਜ ਗਏ। ਉਨ੍ਹਾਂ ਦੇ ਦੇਖਦੇ ਹੀ ਦਿਲਖੁਸ਼ ਨੇ ਉਸ ਦੇ ਭਰਾ ਸੁਭਾਸ਼ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੇ ਹੋਰ ਲੋਕਾਂ ਨੂੰ ਵੀ ਬੁਲਾ ਲਿਆ।
ਮਗਰੋਂ ਸਾਰਿਆਂ ਨੇ ਕਾਪੇ ਅਤੇ ਸੋਟੀਆਂ ਨਾਲ ਉਸ ਨੂੰ ਅਤੇ ਉਸ ਦੀ ਭਾਬੀ ਨੂੰ ਵੀ ਛੁਡਵਾਉਣ ਦੇ ਸਮੇਂ ਕੁੱਟਮਾਰ ਕਰ ਦਿੱਤੀ।
ਬਾਅਦ ਵਿੱਚ ਪਰਿਵਾਰ ਦੇ ਲੋਕਾਂ ਨੇ ਹੀ ਇਲਾਜ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਪਰ ਡਾਕਟਰਾਂ ਨੇ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ ਜਿੱਥੇ ਅਜੇ ਵੀ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਜ਼ਖ਼ਮੀ ਦੇ ਬਿਆਨਾਂ ਦੇ ਅਧਾਰ ’ਤੇ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।