ਰਜਵਾਹੇ ’ਚੋਂ ਪਾਣੀ ਚੋਰੀ ਕਰਨ ਦੇ ਦੋਸ਼ ਹੇਠ ਪੰਜ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਜਗਰਾਉਂ, 17 ਅਗਸਤ
ਨਹਿਰੀ ਵਿਭਾਗ ਨੇ ਖਾਲਾਂ ਰਾਹੀਂ ਪਾਣੀ ਦੀ ਬਿਹਤਰ ਸਪਲਾਈ ਦੇ ਮੱਦੇਨਜ਼ਰ ਰਜਵਾਹਿਆਂ ’ਚੋਂ ਪਾਣੀ ਦੀ ਹੋ ਰਹੀ ਚੋਰੀ ਰੋਕਣ ਲਈ ਸਖ਼ਤ ਰੁਖ ਅਪਣਾਉਂਦਿਆਂ ਗਸ਼ਤ ਤੇਜ਼ ਕਰ ਦਿੱਤੀ ਹੈ ਜਿਸ ਤਹਿਤ ਪਿੰਡ ਚੌਂਕੀਮਾਨ ਦੇ ਪੰਜ ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਪੁਲੀਸ ਚੌਕੀ ਚੌਂਕੀਮਾਨ ਦੇ ਇੰਚਾਰਜ ਸੁਖਮੰਦਰ ਸਿੰਘ ਜੈਤੋ ਨੇ ਪਿੰਡ ਚੌਂਕੀਮਾਨ ਦੇ ਕਿਸਾਨ ਜਗਦੇਵ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ ਲਾਲੀ ਅਤੇ ਤਾਰੀ ਖਿਲਾਫ਼ ਜਿਲ੍ਹੇਦਾਰ ਨਹਿਰੀ ਕੋਠੀ ਪਿੰਡ ਅਖਾੜਾ ਵੱਲੋਂ ਦਿੱਤੀ ਦਰਖਾਸਤ ’ਤੇ ਪੜਤਾਲ ਉਪਰੰਤ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇਦਾਰ ਨੇ ਉਨ੍ਹਾਂ ਨੂੰ ਲਿਖੀ ਸ਼ਿਕਾਇਤ ’ਚ ਉਕਤ ਪੰਜਾਂ ਕਿਸਾਨਾਂ ਦੇ ਨਾਮ ਤੇ ਪਤੇ ਲਿਖ ਕੇ ਜੁਰਮ 303 (ਏ), 326 (ਏ) ਬੀਐਨਐਸ ਅਤੇ 70 ਨੌਰਦਰਨ ਇੰਡੀਆ ਕੈਨਾਲ ਅਤੇ ਡਰੇਨ ਐਕਟ ਆਫ਼ 1873 ਦਾ ਹਵਾਲਾ ਦਿੰਦਿਆਂ ਕਿਸਾਨਾਂ ਵੱਲੋਂ ਸਾਈਫਨ ਪਾਈਪ ਰਾਹੀਂ ਰਜਵਾਹੇ ’ਚੋਂ ਪਾਣੀ ਚੋਰੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਰਸਤੇ ’ਚ ਪਾਣੀ ਦੀ ਚੋਰੀ ਹੋਣ ਕਾਰਨ ਟੇਲ ’ਚ ਪਾਣੀ ਪੂਰਾ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਫੀਲਡ ਸਟਾਫ਼ ਵੱਲੋਂ ਰਜਵਾਹੇ ’ਤੇ ਗਸ਼ਤ ਦੌਰਾਨ ਇਨ੍ਹਾਂ ਕਿਸਾਨਾਂ ਨੂੰ ਵੱਖ-ਵੱਖ ਸਮੇਂ ਪਾਣੀ ਚੋਰੀ ਕਰਦੇ ਹੋਏ ਫੜਿਆ ਅਤੇ ਰੋਕਿਆ ਗਿਆ ਹੈ। ਉਨ੍ਹਾਂ ਆਖਿਆ ਕਿ ਪਾਣੀ ਦੀ ਚੋਰੀ ਰੋਕਣ ਲਈ ਵਿਭਾਗ ਸਖ਼ਤੀ ਦੇ ਰੌਂਅ ’ਚ ਹੈ।