ਖੇਤ ’ਚ ਜਬਰੀ ਹਲ ਵਾਹੁਣ ਤੇ ਧਮਕਾੳੁਣ ਦੇ ਦੋਸ਼ ਹੇਠ ਅੱਠ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਰਤੀਆ, 30 ਜੂਨ
ਜਬਰਨ ਖੇਤ ਵਿੱਚ ਵੜ ਕੇ ਟਰੈਕਟਰ ਨਾਲ ਹਲ ਵਾਹੁਣ ਅਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੇ ਮਾਮਲੇ ’ਚ ਪੁਲੀਸ ਨੇ ਹਮਜ਼ਾਪੁਰ ਨਿਵਾਸੀ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਐੱਨਆਰਆਈ ਦਰਸ਼ਨ ਸਿੰਘ, ਅਵਤਾਰ ਸਿੰਘ, ਪਿੰਡ ਦੇ ਨੰਬਰਦਾਰ ਗੰਗਾ ਸਿੰਘ ਅਤੇ 5 ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤ ’ਚ ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਹਮਜ਼ਾਪੁਰ ਦੇ ਅਵਤਾਰ ਸਿੰਘ, ਭਜਨ ਸਿੰਘ, ਜਰਨੈਲ ਸਿੰਘ ਆਦਿ ਤਿੰਨੇ ਭਰਾ ਕੈਨੇਡਾ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਪਿੰਡ ਹਮਜ਼ਾਪੁਰ ਵਿਚ ਵਾਹੀਯੋਗ ਜ਼ਮੀਨ ਅਤੇ ਕੋਠੀ ਵੀ ਹੈ। ਉਹ ਆਪਣੇ ਬੱਚਿਆਂ ਸਮੇਤ ਖੇਤੀ ਜ਼ਮੀਨ ਅਤੇ ਕੋਠੀ ਦੀ ਦੇਖਭਾਲ ਕਰ ਰਿਹਾ ਹੈ ਅਤੇ ਅਵਤਾਰ ਸਿੰਘ ਆਦਿ ਦਾ ਮੁਖਤਿਆਨਾਮਾ ਵੀ ਉਸ ਕੋਲ ਹੈ। ਉਸ ਨੇ ਦੋਸ਼ ਲਾਇਆ ਕਿ ਲੰਘੇ ਦਿਨ ਸਵੇਰੇ 9.30 ਵਜੇ ਉਕਤ ਲੋਕ, ਜਿਨ੍ਹਾਂ ਕੋਲ ਪਿਸਤੌਲ ਵੀ ਸੀ, ਇਕ ਕਾਰ ਅਤੇ ਇਕ ਟਰੈਕਟਰ ਤੇ ਸਵਾਰ ਹੋ ਕੇ ਆ ਗਏ ਅਤੇ ਟਰੈਕਟਰ ਨਾਲ ਜਬਰੀ ਹਲ ਵਾਹੁਣ ਲੱਗੇ। ਜਦੋਂ ਉਸ ਨੇ ੳੁਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ੳੁਨ੍ਹਾਂ ਨੇ ੳੁਸ ਨੂੰ ਜਾਨੋਂ ਮਾਰਨ ਅਤੇ ਅਵਤਾਰ ਸਿੰਘ ਦੀ ਜ਼ਮੀਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੀ ਧਮਕੀ ਵੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧ ਵਿਚ ਸ਼ਹਿਰ ਥਾਣਾ ਅਤੇ ਪੁਲੀਸ ਕਪਤਾਨ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਇਸ ਤੋਂ ਬਾਅਦ ਅਵਤਾਰ ਸਿੰਘ, ਭਜਨ ਸਿੰਘ ਅਤੇ ਜਰਨੈਲ ਸਿੰਘ ਦਾ ਮੁਖਤਿਆਰੇ ਖਾਸ ਵਜੋਂ ਸਿਵਲ ਅਦਾਲਤ ਰਤੀਆ ਵਿੱਚ ਉਕਤ ਜ਼ਮੀਨ ਬਾਬਤ ਦਾ ਇਕ ਦਾਅਵਾ ਦਾਇਰ ਕੀਤਾ, ਜਿਸ ਵਿੱਚ ਅਦਾਲਤ ਨੇ 16 ਜੂਨ ਨੂੰ ਉਕਤ ਜ਼ਮੀਨ ’ਤੇ ਸਟੇਟਸ ਕੋ ਦੇ ਆਦੇਸ਼ ਉਨ੍ਹਾਂ ਦੇ ਹੱਕ ਵਿੱਚ ਪਾਸ ਕਰ ਦਿੱਤੇ। ਉਸ ਨੇ ਦੱਸਿਆ ਕਿ ਸਟੇਟਸ-ਕੋ ਦੇ ਹੁਕਮਾਂ ਦੇ ਬਾਵਜੂਦ ਅਗਲੇ ਦਿਨ ਉਕਤ ਲੋਕਾਂ ਨੇ ਖੇਤ ਵਿੱਚ ਪਾਣੀ ਛੱਡ ਦਿੱਤਾ ਅਤੇ ਰੋੋਕਣ ’ਤੇ ਫਿਰ ਧਮਕੀਆਂ ਦਿੱਤੀਆਂ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਹੁਣ ਉਕਤ ਲੋਕ 4-5 ਹੋਰ ਲੜਕਿਆਂ ਨੂੰ ਲੈ ਕੇ ਕੋਠੀ ਅਤੇ ਜ਼ਮੀਨ ਦੇ ਆਸ ਪਾਸ ਘੁੰਮਦੇ ਹਨ ਅਤੇ ੳੁਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਤੀਸ਼ ਕੁਮਾਰ ਨੇ ਪੁਲੀਸ ਤੋਂ ਕਾਰਵਾੲੀ ਦੀ ਮੰਗ ਕੀਤੀ ਹੈ। ਪੁਲੀਸ ਨੇ ਨਾਮਜ਼ਦ ਤੇ ਅਣਪਛਾਤੇ ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।