ਪਾਇਲਟ ਜਿਪਸੀ ’ਤੇ ਲਾਲ ਬੱਤੀ ਤੇ ਜਾਅਲੀ ਨੰਬਰ ਲਾਉਣ ਦੇ ਦੋਸ਼ ਹੇਠ ਭਾਜਪਾ ਆਗੂ ’ਤੇ ਕੇਸ ਦਰਜ
ਲੁਧਿਆਣਾ (ਟਨਸ): ਥਾਣਾ ਦੁੱਗਰੀ ਦੀ ਪੁਲੀਸ ਨੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਯੂਥ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਭਾਜਪਾ ਆਗੂ ਹਾਲੇ ਫ਼ਰਾਰ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਦਾ ਭਤੀਜਾ ਸੁਖਵਿੰਦਰ ਸਿੰਘ ਬਿੰਦਰਾ ਕਾਂਗਰਸ ਸਰਕਾਰ ਵੇਲੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਰਹਿ ਚੁੱਕਾ ਹੈ। ਭਾਜਪਾ ’ਚ ਸ਼ਾਮਲ ਹੁੰਦਿਆਂ ਹੀ ਉਸ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਟਰੈਫਿਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਬਿੰਦਰਾ ਦੀ ਸੁਰੱਖਿਆ ਵਿੱਚ ਤਾਇਨਾਤ ਪਾਇਲਟ ਜਿਪਸੀ ’ਤੇ ਜਾਅਲੀ ਨੰਬਰ ਅਤੇ ਲਾਲ ਬੱਤੀ ਲੱਗੀ ਹੋਈ ਹੈ। ਇਸ ’ਤੇ ਕਾਰਵਾਈ ਕਰਦਿਆਂ ਟਰੈਫਿਕ ਪੁਲੀਸ ਨੇ ਉਕਤ ਜਿਪਸੀ ਨੂੰ ਰੋਕਿਆ ਤਾਂ ਜਾਂਚ ਵਿੱਚ ਉਸ ’ਤੇ ਜਾਅਲੀ ਨੰਬਰ ਅਤੇ ਲੱਲ ਬੱਤੀ ਲੱਗੀ ਹੋਈ ਪਾਈ ਗਈ। ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਜਿਪਸੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਥਾਣਾ ਦੁੱਗਰੀ ਵਿੱਚ ਕੇਸ ਦਰਜ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ ਜਿਪਸੀ ’ਤੇ ਲੱਗਿਆ ਨੰਬਰ ਕਿਸੇ ਪਾਇਲਟ ਗੱਡੀ ਦਾ ਨਹੀਂ ਹੈ। ਥਾਣਾ ਦੁੱਗਰੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਿਪਸੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁਲਜ਼ਮ ਸੁਖਵਿੰਦਰ ਸਿੰਘ ਬਿੰਦਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।