ਕੁੱਟਮਾਰ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਮਾਛੀਵਾੜਾ, 19 ਨਵੰਬਰ
ਇਥੋਂ ਦੀ ਪੁਲੀਸ ਨੇ ਰੰਜਿਸ਼ ਤਹਿਤ ਕੁੱਟਮਾਰ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਹਿਲੋਲਪੁਰ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਪਿੰਡ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਉਣ ਲਈ ਪੈਸੇ ਇਕੱਠੇ ਕੀਤੇ ਸਨ ਜੋ ਪਿੰਡ ਦੇ ਵਸਨੀਕ ਸਤਨਾਮ ਸਿੰਘ ਕੋਲ ਰੱਖੇ ਹੋਏ ਸਨ ਪਰ ਸਤਨਾਮ ਸਿੰਘ ਨੇ ਨਾ ਟੂਰਨਾਮੈਂਟ ਕਰਵਾਇਆ ਤੇ ਨਾ ਹੀ ਪੈਸੇ ਮੋੜੇ। ਇਸ ਮਗਰੋਂ ਉਨ੍ਹਾਂ ਜਦੋਂ ਪੈਸਿਆਂ ਦੀ ਮੰਗ ਕੀਤੀ ਤਾਂ ਸਤਨਾਮ ਸਿੰਘ ਨੇ ਇਸੇ ਰੰਜਿਸ਼ ਤਹਿਤ ਆਪਣੇ ਸਾਥੀਆਂ ਨਾਲ ਰਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸੁਖਵਿੰਦਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਮਨਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਦੇ ਬਿਜਲੀ ਘਰ ਨੇੜੇ ਇੱਕ ਕਾਲੇ ਰੰਗ ਦੀ ਗੱਡੀ ’ਚ ਸਵਾਰ ਸਤਨਾਮ ਸਿੰਘ, ਬਿਕਰਮਜੀਤ ਸਿੰਘ, ਮਨਿੰਦਰ ਸਿੰਘ, ਜਸਮੀਤ ਸਿੰਘ, ਹਰਸ਼ਦੀਪ ਸਿੰਘ ਤੇ ਹੋਰ 5-6 ਅਣਪਛਾਤਿਆਂ ਨੇ ਹਥਿਆਰ ਫੜੇ ਹੋਏ ਸਨ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕ ਕੇ ਲੋਹੇ ਦੀਆਂ ਰਾਡਾਂ ਤੇ ਹੋਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦੋਂ ਬਚਣ ਲਈ ਦੋਵਾਂ ਨੇ ਰੌਲਾ ਪਾਇਆ ਤਾਂ ਪਿੰਡ ਦੇ ਵਸਨੀਕ ਗੁਰਜੀਤ ਸਿੰਘ ਉਨ੍ਹਾਂ ਨੂੰ ਛੁਡਵਾਇਆ ਤੇ ਹਸਪਤਾਲ ਪਹੁੰਚਾਇਆ।
ਔਰਤ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ
ਮਾਛੀਵਾੜਾ (ਪੱਤਰ ਪ੍ਰੇਰਕ): ਪੁਲੀਸ ਨੇ ਪਿੰਡ ਮਾਣੇਵਾਲ ਵਿੱਚ ਇੱਕ ਔਰਤ ਅਤੇ ਉਸ ਦੀਆਂ ਦੋ ਨਾਬਾਲਗ ਧੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪਾਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਤੇ ਬਲਜੀਤ ਕੌਰ ਵਜੋਂ ਹੋਈ ਹੈ। ਜ਼ੇਰੇ ਇਲਾਜ ਅਮਨਦੀਪ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀਆਂ ਧੀਆਂ ਸਮੇਤ ਗੁਰਦੁਆਰੇ ਤੋਂ ਵਾਪਸ ਆਈ ਸੀ। ਇਸ ਮੌਕੇ ਉਸ ਦੀ ਧੀ ਜਦੋਂ ਘਰ ਦਾ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਗੁਰਪਾਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਤੇ ਬਲਜੀਤ ਕੌਰ ਉਸ ਨਾਲ ਗਾਲੀ-ਗਲੋਚ ਕਰਦਿਆਂ ਉਸ ਦੀ ਕੁੱਟਮਾਰ ਕਰਨ ਲੱਗ ਪਏ ਜਦੋਂ ਦੂਜੀ ਲੜਕੀ ਤੇ ਉਹ ਬਚਾਅ ਲਈ ਗਈਆਂ ਤਾਂ ਉਨ੍ਹਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਤੇ ਦੂਜੀ ਧੀ ਦੇ ਢਿੱਡ ਵਿੱਚ ਵੀ ਲੱਤਾਂ ਮਾਰੀਆਂ। ਉਸ ਨੇ ਦੋਸ਼ ਲਾਇਆ ਕਿ ਉਕਤ ਹਮਲਾਵਰਾਂ ਨੇ ਲੜਕੀਆਂ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਬਾਲੀਆਂ, ਚੇਨ ਤੇ ਚਾਂਦੀ ਦੇ ਕੰਗਣ ਲਾਹ ਲਏ। ਹਮਲਾਵਰਾਂ ਨੇ ਘਰ ਦੀ ਭੰਨ੍ਹ ਤੋੜ ਵੀ ਕੀਤੀ। ਉਸ ਨੇ ਦੱਸਿਆ ਕਿ ਆਂਢੀਆਂ-ਗੁਆਂਢੀਆਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ।