ਪੋਲਿੰਗ ਅਫ਼ਸਰ ਦੀ ਵਰਦੀ ਪਾੜਨ ਦੇ ਦੋਸ਼ ਹੇਠ 40 ਜਣਿਆਂ ਖ਼ਿਲਾਫ਼ ਕੇਸ ਦਰਜ
ਸਰਬਜੀਤ ਸਿੰਘ ਭੱਟੀ
ਲਾਲੜੂ, 18 ਅਕਤੂਬਰ
ਪੁਲੀਸ ਨੇ ਇਥੋਂ ਨਜ਼ਦੀਕੀ ਪਿੰਡ ਹੰਸਾਲਾ ਵਿੱਚ ਪੰਚਾਇਤੀ ਚੋਣਾਂ ਦੌਰਾਨ ਹਾਰੇ ਹੋਏ ਉਮੀਦਵਾਰ ਤੇ ਉਸ ਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨ ਵਿੱਚ ਹੰਗਾਮਾ ਕਰਨ, ਪੋਲਿੰਗ ਪਾਰਟੀ ਨੂੰ ਰਾਹ ਵਿੱਚ ਘੇਰ ਕੇ ਚੋਣ ਸਮੱਗਰੀ ਵਾਲਾ ਥੈਲਾ ਖੋਹਣ, ਪੁਲੀਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ ਹੇਠ ਪੁਲੀਸ ਨੇ ਪ੍ਰੀਜੈਡਿੰਗ ਅਫ਼ਸਰ ਦੀ ਸ਼ਿਕਾਇਤ ’ਤੇ ਉਮੀਦਵਾਰ ਸਮੇਤ ਦੋ ਔਰਤਾਂ ਤੇ 40 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡਿਊਟੀ ਤੇ ਮੌਜੂਦ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਵੋਟਾਂ ਦੀ ਗਿਣਤੀ ਮਗਰੋਂ ਡੱਬਿਆਂ ਨੂੰ ਖ਼ਾਲੀ ਕਰਕੇ ਪੋਲਿੰਗ ਟੀਮ ਸਾਮਾਨ ਲੈ ਕੇ ਬੱਸ ‘ਚ ਬੈਠਣ ਲਈ ਕਮਰਿਆਂ ਤੋਂ ਨਿਕਲੀ ਹੀ ਸੀ ਕਿ ਸਰਪੰਚੀ ਦੀ ਚੋਣ ਲੜ ਰਹੀ ਪ੍ਰੀਤੀ ਦੇ ਪਤੀ ਹਰਵਿੰਦਰ ਨੇ ਵੋਟਾਂ ਵਾਲੇ ਥੈਲੇ ’ਤੇ ਝਪਟ ਮਾਰ ਕੇ ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਪੋਲਿੰਗ ਅਧਿਕਾਰੀ ਨੇ ਬੈਗ ਨਹੀਂ ਛੱਡੇ ਅਤੇ ਉਸ ਨੂੰ ਕਰੀਬ 15 ਤੋਂ 20 ਫੁੱਟ ਤੱਕ ਘੜੀਸਿਆ ਗਿਆ।
ਇਸ ਦੌਰਾਨ ਵੋਟਾਂ ਵਾਲਾ ਥੈਲਾ ਸਾਮਾਨ ਸਮੇਤ ਲੈ ਕੇ ਭੀੜ ਵਿੱਚੋਂ ਕੁੱਝ ਲੋਕ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਲਾਲੜੂ ਪੁਲੀਸ ਨੇ ਰਾਤ ਨੂੰ ਹੀ 40 ਤੋਂ ਵੱਧ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਨ੍ਹਾਂ ਵਿੱਚ ਪ੍ਰੀਤੀ, ਉਸ ਦਾ ਪਤੀ ਹਰਵਿੰਦਰ, ਜਸਬੀਰ ਕੌਰ ਸਮੇਤ ਨੌਂ ਵਿਅਕਤੀ ਨਾਮਜ਼ਦ ਹਨ। ਪੁਲੀਸ ਨੂੰ ਘਟਨਾ ਦੀ ਵੀਡੀਓ ਵੀ ਮਿਲੀ ਹੈ, ਜਿਸ ਦੇ ਆਧਾਰ ’ਤੇ ਹੋਰ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ।