ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ 200 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਧਨੌਲਾ, 8 ਫਰਵਰੀ
ਧਨੌਲਾ ਪੁਲੀਸ ਵੱਲੋਂ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਪਗ 150 ਤੋਂ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਭੰਨ੍ਹ-ਤੋੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਬੀਤੀ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਰਵਾਨਾ ਹੋਣ ਮੌਕੇ ਬਡਬਰ ਟੌਲ ਪਲਾਜ਼ਾ ’ਤੇ ਭਾਨਾ ਸਿੱਧੂ ਦੇ ਸਮਰਥਕਾਂ ਅਤੇ ਜਥੇਬੰਦੀਆਂ ਦਰਮਿਆਨ ਮਾਹੌਲ ਗਰਮਾ ਗਿਆ ਸੀ। ਇਸ ਸਬੰਧਤ ਕਾਰਵਾਈ ਕਰਦਿਆਂ ਧਨੌਲਾ ਪੁਲੀਸ ਵੱਲੋਂ 3 ਫਰਵਰੀ ਨੂੰ ਐੱਫਆਈ ਦਰਜ ਕੀਤੀ ਗਈ ਹੈ। ਦਰਜ ਐਫ਼ਆਈਆਰ ਅਨੁਸਾਰ ਪੁਲੀਸ ਦੇ ਸਮਝਾਉਣ ਦੇ ਬਾਵਜੂਦ ਭੀੜ ਨੂੰ ਵਾਰ-ਵਾਰ ਪੁਲੀਸ ’ਤੇ ਹਮਲਾ ਕਰਨ ਲਈ ਉਕਸਾਉਣ ਤੇ ਅਣਪਛਾਤੇ ਵਿਅਕਤੀ ਵੱਲੋਂ ਡਿਊਟੀ ’ਤੇ ਤਾਇਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਸੀਆਈਏ ਬਰਨਾਲਾ ’ਤੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰਨ ਬਾਰੇ ਲਿਖਿਆ ਹੈ। ਮੁਲਜ਼ਮਾਂ ’ਚ ਭਾਨਾ ਸਿੱਧੂ ਦਾ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ, ਸਰਬਜੀਤ ਸਿੰਘ ਸਰਪੰਚ ਵਾਸੀਆਨ ਕੋਟਦੱਨਾ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਸਤਾਨੀ ਵਾਸੀ ਕੱਟੂ, ਲੱਖਾ ਸਿਧਾਣਾ, ਗੁਰਵਿੰਦਰ ਸਿੰਘ ਉਰਫ ਗੰਗ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਗਿੱਲ, ਬਲਜਿੰਦਰ ਸਿੰਘ ਉਰਫ ਕਿੱਦਾ, ਪ੍ਰਿਤਪਾਲ ਸਿੰਘ ਵਾਸੀਆਨ ਕੋਟਦੁੱਨਾ, ਗੁਰਮੁੱਖ ਸਿੰਘ ਵਾਸੀ ਧਨੌਲਾ, ਜੱਸੀ ਨਿਹੰਗ ਵਾਸੀ ਧਨੌਲਾ, ਅਮਰੀਕ ਸਿੰਘ ਵਾਸੀ ਭੈਣੀ ਜੱਸਾ ਤੇ 150-200 ਅਣਪਛਾਤੇ ਵਿਅਕਤੀ ਸ਼ਾਮਲ ਹਨ।