ਜ਼ਮੀਨੀ ਸੌਦੇ ’ਚ ਕਰੋੜਾਂ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਮਾਨਸਾ, 5 ਫਰਵਰੀ
ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਜ਼ਮੀਨੀ ਸੌਦੇ ’ਚ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਿਓ-ਪੁੱਤਰ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਵਿਅਕਤੀਆਂ ਅਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਵਾਸੀ ਮਾਨਸਾ ਨੇ ਪੁਲੀਸ ਨੂੰ ਦੱਸਿਆ ਕਿ ਨਹਿਰੂ ਕਾਲਜ ਦੇ ਕੋਲ 18.75 ਕਿੱਲੇ ਜ਼ਮੀਨ ਦਾ ਸੌਦਾ 7 ਨਵੰਬਰ, 2019 ਨੂੰ ਉਨ੍ਹਾਂ ਨੇ ਸੰਦੀਪ ਕੁਮਾਰ ਬਾਠਲਾ ਆਦਿ ਨਾਲ 20 ਕਰੋੜ 15 ਲੱਖ ਰੁਪਏ ’ਚ ਕੀਤਾ ਸੀ ਅਤੇ 60 ਲੱਖ ਰੁਪਏ ਬਿਆਨੇ ਵਜੋਂ ਹਾਸਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਰਜਿਸਟਰੀ ਦਾ ਸਮਾਂ 18 ਮਹੀਨੇ ਦਾ ਰੱਖਿਆ ਸੀ, ਪਰ ਬਾਅਦ ਵਿੱਚ ਉਕਤ ਵਿਅਕਤੀਆਂ ਨੇ ਫਰਜ਼ੀ ਰਸੀਦਾਂ ਤਿਆਰ ਕਰ ਕੇ ਇਸ ਜ਼ਮੀਨ ਦਾ ਸੌਦਾ 5 ਕਰੋੜ 10 ਲੱਖ ਰੁਪਏ ਦਰਸਾ ਕੇ ਕਰੋੜਾਂ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਮਾਮਲੇ ਦੀ ਐੱਸਪੀ ਇਨਵੈਸਟੀਗੇਸ਼ਨ ਮਾਨਸਾ ਵੱਲੋਂ ਪੜਤਾਲ ਕਰਵਾਈ ਗਈ। ਜਿਸ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਨੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਇਸ ਜ਼ਮੀਨੀ ਸੌਦੇ ਨੂੰ 5 ਕਰੋੜ 10 ਲੱਖ ਰੁਪਏ ਦਰਸਾਕੇ ਜ਼ਮੀਨ ਮਾਲਕਾਂ ਨਾਲ 15 ਕਰੋੜ ਤੋਂ ਵਧੇਰੇ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਗਰੋਂ ਸੰਦੀਪ ਕੁਮਾਰ ਬਾਠਲਾ, ਉਸਦੇ ਪੁੱਤਰ ਦੇਵਾਂਗ ਬਾਠਲਾ ਵਾਸੀ ਸੈਕਟਰ-82, ਸੋਹਾਨਾ, ਐੱਸ.ਏ.ਐੱਸ. ਨਗਰ (ਪੰਜਾਬ) ਅਤੇ ਚਰਨਜੀਤ ਕੁਮਾਰ ਬਾਠਡਾ ਵਾਸੀ ਫੇਸ -11, ਐੱਸ.ਏ.ਐੱਸ. ਨਗਰ (ਪੰਜਾਬ) ਦੇ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ।