ਜਬਰ-ਜਨਾਹ ਪੀੜਤ ਨਾਬਾਲਗ ਲੜਕੀ ਦਾ ਵਿਆਹ ਕਰਨ ’ਤੇ ਤਿੰਨ ਖ਼ਿਲਾਫ਼ ਕੇਸ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਕਤੂਬਰ
ਇੱਥੋਂ ਦੇ ਥਾਣੇ ਵਿਚ ਜਬਰ-ਜਨਾਹ ਪੀੜਤ ਨਾਬਾਲਗ ਲੜਕੀ ਦਾ ਵਿਆਹ ਕਰਨ ਦੇ ਦੋਸ਼ ਹੇਠ ਪੁਲੀਸ ਨੇ ਲੜਕੀ ਦੇ ਪਿਤਾ, ਭੂਆ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਡਵੋਕੇਟ ਦੀਪਕ ਸਲੂਜਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਮਾਛੀਵਾੜਾ ਪੁਲੀਸ ਨੇ 2022 ’ਚ ਮਾਮਲਾ ਦਰਜ ਕੀਤਾ ਸੀ, ਜਿਸ ਦੀ ਸੁਣਵਾਈ ਅਦਾਲਤ ’ਚ ਚੱਲ ਰਹੀ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਸ ਸਮੇਂ ਪੀੜਤਾ ਦੀ ਉਮਰ 14-15 ਸਾਲ ਦੱਸੀ ਗਈ ਸੀ ਜੋ ਹੁਣ 16 ਸਾਲ ਹੈ। ਜਬਰ-ਜਨਾਹ ਦੀ ਪੀੜਤ ਲੜਕੀ ਨੂੰ ਅਦਾਲਤ ਵਲੋਂ 4 ਲੱਖ ਰੁਪਏ ਦਾ ਮੁਆਵਜ਼ਾ ਵੀ ਪਾਸ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਪੀੜਤਾ ਦਾ ਪਿਤਾ ਤੇ ਭੂਆ ਉਸ ਕੋਲ ਆਏ, ਜਿਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ 1.50 ਲੱਖ ਰੁਪਏ ਮਿਲੀ ਹੈ ਜਦਕਿ ਬਾਕੀ ਰਾਸ਼ੀ ਨਹੀਂ ਮਿਲੀ। ਸ਼ਿਕਾਇਤਕਰਤਾ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਾਬਾਲਗ ਲੜਕੀ ਦਾ ਅੰਬਾਲੇ ਵਿਆਹ ਕਰ ਦਿੱਤਾ ਹੈ, ਜਿਸ ਦੀਆਂ ਉਨ੍ਹਾਂ ਤਸਵੀਰਾਂ ਵੀ ਦਿਖਾਈਆਂ। ਸ਼ਿਕਾਇਤਕਰਤਾ ਅਨੁਸਾਰ ਪਰਿਵਾਰ ਨੇ ਨਾਬਾਲਗ ਲੜਕੀ ਦਾ ਵਿਆਹ ਕਰਕੇ ਅਦਾਲਤ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। ਇਸ ਦੌਰਾਨ ਐਡਵੋਕੇਟ ਦੀਪਕ ਸਲੂਜਾ ਨੇ ਸ਼ੱਕ ਪ੍ਰਗਟਾਇਆ ਕਿ ਪਰਿਵਾਰ ਨੇ ਜਾਂ ਤਾਂ ਉਸ ਨੂੰ ਵੇਚ ਦਿੱਤਾ ਹੈ ਜਾਂ ਮਾਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਨਾਬਾਲਗ ਲੜਕੀ ਦੀ ਭਾਲ ਕੀਤੀ ਜਾਵੇ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ 3 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।