ਪੁਲੀਸ ਅਧਿਕਾਰੀ ਨਾਲ ਹੱਥੋਪਾਈ ਦੇ ਦੋਸ਼ ਹੇਠ ਫੌਜੀ ਖ਼ਿਲਾਫ਼ ਕੇਸ
ਗੁਰਿੰਦਰ ਸਿੰਘ
ਲੁਧਿਆਣਾ, 3 ਨਵੰਬਰ
ਸਥਾਨਕ ਸਿਵਲ ਹਸਪਤਾਲ ਵਿੱਚ ਸ਼ਨਿਚਰਵਾਰ ਦੀ ਰਾਤ ਨੂੰ ਦੋ ਧੜਿਆਂ ਵਿੱਚ ਜੰਮ ਕੇ ਲੜਾਈ ਹੋਈ ਅਤੇ ਡਿਊਟੀ ’ਤੇ ਤਾਇਨਾਤ ਇੱਕ ਏਐੱਸਆਈ ਨਾਲ ਹੱਥੋਪਾਈ ਕਰਦਿਆਂ ਪੁਲੀਸ ਮੁਲਾਜ਼ਮਾਂ ਨਾਲ ਵੀ ਧੱਕਾਮੁੱਕੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਰਾਣਾ ਦੀ ਟਿੱਬਾ ਰੋਡ ਖੇਤਰ ਵਿੱਚ ਰਹਿੰਦੇ ਕੁੱਝ ਲੋਕਾਂ ਨਾਲ ਲੜਾਈ ਹੋਈ ਸੀ। ਉਹ ਸਿਵਲ ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਉਣ ਲਈ ਦੇਰ ਰਾਤ ਪਹੁੰਚਿਆ ਤਾਂ ਉਥੇ ਮੌਜੂਦ ਪੁਲੀਸ ਅਧਿਕਾਰੀ ਨੇ ਸੰਦੀਪ ਰਾਣਾ ਨੂੰ ਡਾਕਟਰੀ ਜਾਂਚ ਲਈ ਇਕੱਲੇ ਕਮਰੇ ਵਿੱਚ ਜਾਣ ਤੇ ਬਾਕੀ ਲੋਕਾਂ ਨੂੰ ਬਾਹਰ ਰੁੱਕਣ ਲਈ ਕਿਹਾ। ਸੰਦੀਪ ਰਾਣਾ ਨੇ ਆਪਣੀ ਪਛਾਣ ਫੌਜੀ ਵਜੋਂ ਦੱਸੀ ਪਰ ਪੁਲੀਸ ਅਧਿਕਾਰੀ ਨੇ ਉਸ ਨੂੰ ਰੋਕ ਦਿੱਤਾ। ਗੁੱਸੇ ’ਚ ਆਏ ਸੰਦੀਪ ਰਾਣਾ ਤੇ ਉਸ ਦੇ ਸਾਥੀਆਂ ਨੇ ਏਐੱਸਆਈ ਮੁਨੀਰ ਮਸੀਹ ਨਾਲ ਧੱਕਾਮੁੱਕੀ ਕੀਤੀ ਤੇ ਇਸ ਦੌਰਾਨ ਉਸ ਦੇ ਮੂੰਹ ’ਚੋਂ ਖੂਨ ਨਿਕਲਣ ਲੱਗ ਪਿਆ। ਪੁਲੀਸ ਨੇ ਸੰਦੀਪ ਰਾਣਾ, ਅਸ਼ੀਸ਼ ਕੰਬਲੀ ਤੇ ਅਮਨ ਤੋਂ ਇਲਾਵਾ ਸੱਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਜੱਸੀਆਂ ਰੋਡ ਹੈਬੋਵਾਲ ਵਿੱਚ ਸ਼ਰਾਬ ਪੀਣ ਵੇਲੇ ਪੈਸੇ ਦੇ ਲੈਣ-ਦੇਣ ਸਬੰਧੀ ਦੋ ਦੋਸਤਾਂ ਦਰਮਿਆਨ ਝਗੜਾ ਹੋ ਗਿਆ ਜਿਸ ਮਗਰੋਂ ਦੋਵੇਂ ਦੋਸਤ ਡਾਕਟਰੀ ਮੁਆਇਨਾ ਕਰਵਾਉਣ ਲਈ ਸਿਵਲ ਹਸਪਤਾਲ ਆਏ ਤੇ ਇਥੇ ਦੋਵਾਂ ਦੇ ਸਮਰਥਕ ਆਪਸ ਵਿੱਚ ਉਲਝ ਗਏ। ਦੋਵਾਂ ਧਿਰਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇੱਕ ਦੂਜੇ ਨਾਲ ਕਾਫ਼ੀ ਕੁੱਟਮਾਰ ਕੀਤੀ, ਜਿਸ ਕਰਕੇ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਦੇ ਡਾਕਟਰੀ ਮੁਆਇਨੇ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ ਪੁਲੀਸ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹ। ਸਿਵਲ ਹਸਪਤਾਲ ਪੁਲੀਸ ਚੌਂਕੀ ਦੇ ਇੰਚਾਰਜ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।