ਮੈਕਸਿਕੋ ਤੋਂ ਹਜ਼ਾਰਾਂ ਪਰਵਾਸੀਆਂ ਦਾ ਕਾਫ਼ਲਾ ਪੈਦਲ ਅਮਰੀਕੀ ਸਰਹੱਦ ਵੱਲ ਰਵਾਨਾ
ਮੈਕਸਿਕੋ ਸਿਟੀ, 22 ਜੁਲਾਈ
ਮੈਕਸਿਕੋ ਦੀ ਦੱਖਣੀ ਸਰਹੱਦ ਤੋਂ ਐਤਵਾਰ ਨੂੰ ਕਰੀਬ ਇਕ ਦਰਜਨ ਦੇਸ਼ਾਂ ਦੇ ਹਜ਼ਾਰਾਂ ਪਰਵਾਸੀਆਂ ਦਾ ਕਾਫ਼ਲਾ ਪੈਦਲ ਹੀ ਅਮਰੀਕੀ ਸਰਹੱਦ ਵੱਲ ਤੁਰ ਪਿਆ। ਉਨ੍ਹਾਂ ਅਮਰੀਕੀ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਸਮੂਹ ਦੇ ਕੁਝ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਅਮਰੀਕੀ ਸਰਹੱਦ ਤੱਕ ਪਹੁੰਚਣ ਦੀ ਆਸ ਨਾਲ ਚੱਲੇ ਹਨ। ਉਹ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਸਰਹੱਦ ਪਾਰ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ਜਿੱਤ ਜਾਂਦਾ ਹੈ ਤਾਂ ਉਹ ਸ਼ਰਨਾਰਥੀਆਂ ਲਈ ਸਰਹੱਦ ਬੰਦ ਕਰਨ ਦਾ ਆਪਣਾ ਵਾਅਦਾ ਪੂਰਾ ਕਰੇਗਾ।
ਅਲ ਸਾਲਵਾਡੋਰ ਦੇ ਇਕ ਪਰਵਾਸੀ ਮਿਜਿਊਲ ਸਾਲਾਜ਼ਾਰ ਨੇ ਕਿਹਾ, ‘‘ਸਾਨੂੰ ਖ਼ਤਰਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਡੋਨਲਡ ਟਰੰਪ ਸਰਹੱਦ ਪਾਰ ਕਰਨ ਦੀ ਮਨਜ਼ੂਰੀ ਬੰਦ ਕਰ ਦੇਣਗੇ।’’ ਉਸ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਨਵਾਂ ਟਰੰਪ ਪ੍ਰਸ਼ਾਸਨ ਸੀਬੀਪੀ ਵਨ ਰਾਹੀਂ ਪਰਵਾਸੀਆਂ ਨੂੰ ਦਿੱਤੇ ਜਾਣ ਵਾਲੇ ਸਮੇਂ (ਅਪਾਇੰਟਮੈਂਟ) ’ਤੇ ਰੋਕ ਲਗਾ ਦੇਵੇਗਾ। -ਏਪੀ