ਰੰਜਿਸ਼ ਦੇ ਚਲਦਿਆਂ ਬਜ਼ੁਰਗ ’ਤੇ ਕਾਰ ਚੜ੍ਹਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਮਾਰਚ
ਪਿੰਡ ਹਿਮਾਂਯੂਪੁਰਾ ਇਲਾਕੇ ’ਚ ਇੱਕ ਵਿਅਕਤੀ ਨੇ ਆਪਣੀ ਮਾਂ ਤੇ ਭਰਾ ਦੇ ਨਾਲ ਨਾਲ ਦੋਸਤ ਸਣੇ ਮਿਲ ਕੇ ਰੰਜਿਸ਼ ਦੇ ਚੱਲਦਿਆਂ ਬਜ਼ੁਰਗ ’ਤੇ ਗੱਡੀ ਚੜ੍ਹਾ ਦਿੱਤੀ। ਇਸ ਕਾਰਨ ਹਿਮਾਂਯੂਪੁਰਾ ਵਾਸੀ ਹਰੀ ਰਾਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਤੇ ਉਸ ਦੀ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ। ਹਰੀ ਰਾਮ ਦੇ ਲੜਕੇ ਬੀਰਪਾਲ ਸਿੰਘ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲੀਸ ਨੂੰ ਦਿੱਤੀ। ਥਾਣਾ ਸਦਰ ਦੀ ਪੁਲੀਸ ਨੇ ਕੁਲਵਿੰਦਰ ਸਿੰਘ, ਉਸ ਦੇ ਭਰਾ ਗੁਰਮੀਤ ਸਿੰਘ, ਸਰਬਜੀਤ ਕੌਰ ਅਤੇ ਦੋਸਤ ਡਾ. ਸਿਕੰਦਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਕੁਲਵਿੰਦਰ ਤੇ ਉਸ ਦੀ ਮਾਂ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦਾ ਭਰਾ ਅਤੇ ਦੋਸਤ ਹਾਲੇ ਫ਼ਰਾਰ ਹਨ। ਪੁਲੀਸ ਨੇ ਗ੍ਰਿਫ਼ਤਾਰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਰਿਮਾਂਡ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬੀਰਪਾਲ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਮੁਲਜ਼ਮਾਂ ਨਾਲ ਪੁਰਾਣੀ ਰੰਜ਼ਿਸ਼ ਸੀ। ਪਹਿਲੀ ਮਾਰਚ ਨੂੰ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੀਰਪਾਲ ਨੇ ਆਪਣੇ ਪਿਤਾ ਹਰੀ ਰਾਮ ਨੂੰ ਨਾਲ ਲਿਆ ਤੇ ਥਾਣਾ ਸਦਰ ਅਧੀਨ ਆਉਂਦੀ ਚੌਕੀ ਲਲਤੋਂ ਕਲਾਂ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ। ਉਹ ਜਦੋਂ ਘਰ ਘਰ ਆ ਰਹੇ ਸਨ ਤਾਂ ਪਿੰਡ ਖੇੜੀ ਰੋਡ ’ਤੇ ਮੁਲਜ਼ਮਾਂ ਨੇ ਦੋਵਾਂ ਨੂੰ ਕਾਰ ਨਾਲ ਟੱਕਰ ਮਾਰੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੀਰਪਾਲ ਦੇ ਪਿਤਾ ਦੇ ਸਿਰ ’ਤੇ ਗੱਡੀ ਦਾ ਟਾਇਰ ਚਾੜ੍ਹ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਉਨ੍ਹਾਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ, ਜਿੱਥੇ ਐਤਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਦੱਸਿਆ ਕਿ ਮੁਲਜ਼ਮ ਗੁਰਮੀਤ ਸਿੰਘ ਤੇ ਉਸ ਦੇ ਦੋਸਤ ਡਾ. ਸਿਕੰਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੌਜਵਾਨ ਦੀ ਲਾਸ਼ ਕਾਰ ਵਿੱਚੋਂ ਸ਼ੱਕੀ ਹਾਲਤ ’ਚ ਮਿਲੀ
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਸਮਰਾਲਾ ਰੋਡ ਤੋਂ ਕੁਝ ਹੀ ਦੂਰੀ ਉੱਪਰ ਸੁੰਨਸਾਨ ਥਾਂ ’ਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਕਾਰ ਵਿੱਚੋਂ ਮਿਲੀ ਇਸ ਲਾਸ਼ ਦੀ ਪਛਾਣ ਯਾਦਵਿੰਦਰ ਸਿੰਘ (25) ਵਾਸੀ ਉਟਾਲਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲੀਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਨੌਜਵਾਨ ਕਾਰ ’ਚ ਬੇਸੁਧ ਪਿਆ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਜਦੋਂ ਘਟਨਾ ਸਥਾਨ ’ਤੇ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯਾਦਵਿੰਦਰ ਅੱਜ ਕਰੀਬ 12 ਵਜੇ ਘਰੋਂ ਕਾਰ ’ਤੇ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਪੁੱਤਰ ਮਾਛੀਵਾੜਾ ਨੇੜੇ ਮ੍ਰਿਤਕ ਹਾਲਤ ਵਿਚ ਪਿਆ ਹੈ। ਮੁੱਢਲੀ ਜਾਂਚ ਦੌਰਾਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।