ਪੰਜਾਬ ਦਿਵਸ ਮੌਕੇ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਮੁਹਿੰਮ ਵਿੱਢੀ
ਪੱਤਰ ਪ੍ਰੇਰਕ
ਮਾਨਸਾ, 1 ਨਵੰਬਰ
ਪੰਜਾਬ ਦਿਵਸ ਅਤੇ ਪੰਜਾਬੀ ਬੋਲੀ ਦਿਵਸ ਦੇ ਦਿਹਾੜੇ ’ਤੇ ਪੰਜਾਬੀ ਬੋਲੀ ਦੇ ਪ੍ਰਸਾਰ ਨੂੰ ਲੈ ਕੇ ਚੱਲ ਰਹੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਪਿੰਡ ਧਰਮਪੁਰਾ, ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਲੋੜਵੰਦ ਗਰੀਬ ਬੱਚਿਆਂ ਨੂੰ ਪੰਜਾਬੀ ਦੇ ਕਾਇਦੇ ਅਤੇ ਇਸ ਬੋਲੀ ਦੀ ਹੋਰ ਸਮੱਗਰੀ ਵੰਡੀ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਇਹ ਪਿੰਡ ਅੱਜ ਵੀ ਪੰਜਾਬੀ ਬੋਲੀ ਬੋਲਦੇ ਹਨ।
ਹਰਪ੍ਰੀਤ ਬਹਿਣੀਵਾਲ ਨੇ ਅੱਜ ਪਿੰਡ ਧਰਮਪੁਰਾ ਤੋਂ ਬੱਚਿਆਂ ਨੂੰ ਪੰਜਾਬੀ ਬੋਲੀ ਦੀ ਸਮੱਗਰੀ ਵੰਡ ਕੇ ਹਰਿਆਣਾ ਸਰਕਾਰ ਤੋਂ ਪਹਿਲੀ ਕਲਾਸ ਤੋਂ ਪੰਜਾਬੀ ਲਾਜ਼ਮੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਿੱਠੀ ਅਤੇ ਮਧੁਰ ਭਾਸ਼ਾ ਹੈ ਅਤੇ ਪੰਜਾਬ ਤੇ ਹਰਿਆਣਾ ਦੋਵੇਂ ਭਰਾ ਹਨ, ਜਿਸ ਕਰਕੇ ਪੰਜਾਬੀ ਬੋਲੀ ਨੂੰ ਵੀ ਇਥੇ ਬਣਦੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਭਾਸ਼ਾ ਤੋਂ ਦੂਰ ਨਾ ਰਹਿਣ। ਪਿੰਡ ਧਰਮਪੁਰਾ ਵਿੱਚ ਉਨ੍ਹਾਂ ਨੇ ਗੁਰਪਾਲ ਸਿੰਘ ਗੁਰੂ ਰਵਿਦਾਸ ਕਮੇਟੀ ਮੈਂਬਰ, ਬਲਕਾਰ ਸਿੰਘ, ਹਰਜੀਤ ਸਿੰਘ, ਪਿੰਡ ਬਹਿਣੀ ਤੋਂ ਮਿੱਠੂ ਸਿੰਘ, ਮਲੂਕ ਸਿੰਘ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਉਰਫ ਕਾਕਾ ਨੂੰ ਨਾਲ ਲੈ ਕੇ ਆਪਣੀ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਦੀ ਮੁਹਿੰਮ ਮੁੜ ਤੋਂ ਵਿੱਢੀ ਹੈ। ਉਨ੍ਹਾਂ ਆਖਿਆ ਕਿ ਉਹ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਪਹਿਲਾਂ ਵਾਂਗ ਹੀ ਨਿਰੰਤਰ ਉਪਰਾਲੇ ਕਰਦੇ ਰਹਿਣਗੇ।