ਅੱਖਾਂ ਅਤੇ ਦੰਦਾਂ ਦੀ ਜਾਂਚ ਲਈ ਕੈਂਪ ਲਾਇਆ
ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਕਤੂਬਰ
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿੱਚ ਸਵਰਗੀ ਸਰਦਾਰ ਚਤਰ ਸਿੰਘ ਸੰਧੂ (ਸਾਬਕਾ ਸਰਪੰਚ) ਦੇ ਸਮਰਪਿਤ ਦਿਨ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ 5ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਅਤੇ ਦੂਸਰਾ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਅੱਖਾਂ ਦੇ ਚੈੱਕਅੱਪ ਕਰਾਉਣ ਲਈ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਿਸ ਵਿੱਚੋਂ 50 ਮਰੀਜ਼ਾਂ ਨੂੰ ਲੈੱਨਜ਼ ਪਾਉਣ ਲਈ ਚੁਣਿਆ ਗਿਆ ਜਿਨ੍ਹਾਂ ਵਿੱਚੋਂ 22 ਮਰੀਜ਼ਾਂ ਦਾ ਅਪਰੇਸ਼ਨ ਅੱਜ ਹੀ ਮਨਪ੍ਰੀਤ ਗਲੋਬਲ ਹਸਪਤਾਲ ਸੰਗਰੂਰ ਵਿੱਚ ਡਾ. ਮਨਪ੍ਰੀਤ ਸਿੰਘ ਵੱਲੋਂ ਕੀਤਾ ਜਾਵੇਗਾ ਜਦਕਿ ਬਾਕੀ ਰਹਿੰਦੇ ਮਰੀਜ਼ਾਂ ਦਾ ਅਪਰੇਸ਼ਨ 4 ਤਰੀਕ ਨੂੰ ਕੀਤਾ ਜਾਵੇਗਾ।
ਕੈਂਪ ਦੌਰਾਨ ਸ਼ੂਗਰ ਤੇ ਬਲੱਡ ਗਰੁੱਪ ਦਾ ਮੁਫ਼ਤ ਚੈੱਕਅੱਪ ਰਿਸ਼ੀ ਕੰਪਿਊਟਰਾਈਜ਼ਡ ਲਹਿਰਾਗਾਗਾ ਲੈਬਾਰਟਰੀ ਦੇ ਟੈਕਨੀਸ਼ੀਅਨ ਕਰਮਜੀਤ ਰਿਸ਼ੀ ਵੱਲੋਂ ਕੀਤਾ ਗਿਆ। ਦੰਦਾਂ ਦੇ ਕੈਂਪ ਵਿੱਚ ਮਹਿੰਦਰਾ ਹਸਪਤਾਲ ਦੇ ਡਾ. ਰਾਹੁਲ ਮਿੱਤਲ ਨੇ 100 ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਤੇ ਪਰਮਿੰਦਰ ਸਿੰਘ ਢੀਂਡਸਾ ਤੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।