ਪਰਾਲੀ ਦੇ ਨਿਪਟਾਰੇ ਦਾ ਹੱਲ ਸੁਝਾਉਣ ਲਈ ਲਾਇਆ ਕੈਂਪ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਸਤੰਬਰ
ਜ਼ਿਲ੍ਹਾ ਖੇਤੀਬਾੜੀ ਦਫ਼ਤਰ ਬਠਿੰਡਾ ਵੱਲੋਂ ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਅਤੇ ਪਿੰਡ ਦੇ ਸਹਿਯੋਗ ਨਾਲ ਸਕੂਲ ਵਿੱਚ ਪਰਾਲੀ ਦੇ ਯੋਗ ਨਿਪਟਾਰੇ ਸਬੰਧੀ ਇੱਕ ਕੈਂਪ ਲਾਇਆ। ਕੈਂਪ ਦੇ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਵਿਪਨ ਅਰੋੜਾ ਸਨ। ਖੇਤੀਬਾੜੀ ਵਿਸ਼ਾ ਮਾਹਿਰਾਂ ਵੱਲੋਂ ਕਿਸਾਨਾਂ ਅਤੇ ਸਕੂਲੀ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ, ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ, ਲੇਖ ਰਚਨਾ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ। ਇਸ ਦੇ ਇਲਾਵਾ ਸਕੂਲੀ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਕਾਸ ਅਫ਼ਸਰ ਮਨਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸਰਕਲ ਬੱਲੂਆਣਾ ਲਵਪ੍ਰੀਤ ਕੌਰ, ਖੇਤੀਬਾੜੀ ਉਪ ਨਿਰੀਖਕ ਹਰਪ੍ਰੀਤ ਸਿੰਘ, ਸਰਕਲ ਪਟਵਾਰੀ ਗੁਰਪ੍ਰੀਤ ਸਿੰਘ, ਨੰਬਰਦਾਰ ਜਵਾਹਰ ਸਿੰਘ ਅਤੇ ਪਿੰਡ ਨਿਵਾਸੀ ਤੇ ਕਿਸਾਨ ਹਾਜ਼ਰ ਰਹੇ। ਪ੍ਰੋਗਰਾਮ ਦੇ ਅੰਤ ’ਤੇ ਸਕੂਲ ਮੁਖੀ ਹਰਮੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਟਾਫ਼ ਹਾਜ਼ਰ ਸੀ।