ਸਦੀ ਪੁਰਾਣੇ ਡੀਐੱਮ ਕਾਲਜ ਦੀ ਹੋਂਦ ਬਚਾਉਣ ਦਾ ਸੱਦਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਸਤੰਬਰ
ਹਿੰਦ-ਪਾਕਿ ਵੰਡ ਤੋਂ ਪਹਿਲਾਂ ਕਰੀਬ ਸਦੀ ਪੁਰਾਣਾ ਸਾਲ 1926 ’ਚ ਸਥਾਪਤ ਸਰਕਾਰੀ ਏਡਿਡ ਡੀਐੱਮ ਕਾਲਜ, ਮਾਲਵਾ ਖੇਤਰ ਲਈ ਕਿਸੇ ਸਮੇਂ ਵਿਦਿਆ ਦਾ ਚਾਨਣਾ ਮੁਨਾਰਾ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੂਰਬੀ ਪੰਜਾਬ ਵਿੱਚ ਇਹ ਇਕੱਲਾ ਡਿਗਰੀ ਕਾਲਜ ਸੀ ਜਦਕਿ ਪੱਛਮੀ ਪੰਜਾਬ ਵਿੱਚ ਦੂਸਰਾ ਕਾਲਜ ਕੇਵਲ ਲਾਹੌਰ ਵਿੱਚ ਸੀ।
ਉੱਘੇ ਸਮਾਜ ਸੇਵੀ ਸਾਬਕਾ ਕੌਂਸਲਰ ਤੇ ਕਾਲਜ ਦੀ ਸਾਬਕਾ ਸਲਾਹਕਾਰ ਪ੍ਰਬੰਧਕ ਕਮੇਟੀ ਮੈਂਬਰ ਅਜੇ ਸੂਦ ਨੇ ਪੁਰਾਣੇ ਵਿਦਿਆਰਥੀਆਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਨੂੰ ਹੋਂਦ ਬਚਾਉਣ ਤੇ ਕਾਲਜ ਦੇ ਸੁਨਹਿਰਾ ਭਵਿੱਖ ਲਈ ਸ਼ਤਾਬਦੀ ਸਮਾਗਮ ਕਰਵਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਤੇ ਨਾਨ ਮੈਡੀਕਲ ਸੂਬੇ ਦੇ ਬਾਕੀ ਸਾਇੰਸ ਫੈਕਲਟੀ ਕਾਲਜਾਂ ਵਿੱਚੋਂ ਸਭ ਤੋਂ ਪੁਰਾਣਾ ਅਤੇ ਉੱਘਾ ਕਾਲਜ ਹੋਣ ਦਾ ਮਾਣ ਰੱਖਦਾ ਹੈ ਜੋ ਇਸ ਵੇਲੇ ਕਥਿਤ ਚੌਧਰ ਦੀ ਲੜਾਈ ਵਿੱਚ ਪਿਛੜ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਾਬਕਾ ਡੀਜੀਪੀ ਡੀਆਰ ਭੱਟੀ, ਮੌਜੂਦਾ ਏਡੀਜੀਪੀ ਏਐੱਸਰਾਏ, ਕਰਨਾਟਕ ਸਰਕਾਰ ਦੇ ਸਾਬਕਾ ਮੁੱਖ ਸਕੱਤਰ, ਸਾਬਕਾ ਆਈਏਐੱਸ ਕੁਲਬੀਰ ਸਿੰਘ, ਸਾਬਕਾ ਸੰਸਦ ਮੈਂਬਰ ਐੱਚਕੇ ਐੱਲ ਭਗਤ ਤੇ ਹਰਦਿਆਲ ਸਿੰਘ ਦੇਵਗਨ ਤੇ ਹੋਰ ਸੈਂਕੜੇ ਲੇਖਕ, ਵਿਗਿਆਨੀ, ਖਿਡਾਰੀ, ਨੇਤਾ, ਪ੍ਰਸ਼ਾਸਕ ਅਤੇ ਸਮਾਜ-ਸੁਧਾਰਕ ਇਸ ਕਾਲਜ ਨੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਏ ਬਹਾਦਰ ਡਾ. ਮਥਰਾ ਦਾਸ ਨੇ ਸੰਨ 1926 ਵਿੱਚ ਇਸ ਕਾਲਜ ਦੀ ਨੀਂਹ ਰੱਖੀ ਤਾਂ ਕਿ ਮੋਗਾ ਦੇ ਲੋਕ ਅਨਪੜ ਨਾ ਰਹਿ ਜਾਣ। ਪਿਛਲੀ ਇੱਕ ਸਦੀ ਦੌਰਾਨ ਇਸ ਕਾਲਜ ਨੇ ਲੱਖਾਂ ਲੋਕਾਂ ਦਾ ਜੀਵਨ ਰੁਸ਼ਨਾਇਆ ਅਤੇ ਵਿਦਵਾਨ, ਲੇਖਕ, ਵਿਗਿਆਨੀ, ਖਿਡਾਰੀ, ਨੇਤਾ, ਪ੍ਰਸਾਸਕ ਅਤੇ ਸਮਾਜ-ਸੁਧਾਰਕ ਪੈਦਾ ਕੀਤੇ ਪਰ ਦੁੱਖ ਦੀ ਗੱਲ ਹੈ ਕਿ ਇਹ ਮਹਾਨ ਸੰਸਥਾ ਅੱਜ ਬੰਦ ਹੋਣ ਦੇ ਕਿਨਾਰੇ ਹੈ। ਪਿਛਲੇ ਵੀਹ ਵਰ੍ਹਿਆਂ ਤੋਂ ਕਾਲਜ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਕਾਲਜ ਦੀ ਸਥਾਪਨਾ ਦੇ ਸੌ ਸਾਲਾ ਜਸ਼ਨ ਮਨਾਉਣ ਤੇ ਕਾਲਜ ਵਿਚ ਸੁਧਾਰ ਕਰਨ। ਉਨ੍ਹਾਂ ਕਾਲਜ ਕਰਮਚਾਰੀਆਂ, ਵਿਦਿਆਰਥੀਆਂ, ਪੁਰਾਣੇ ਵਿਦਿਆਰਥੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਤੇ ਸੂਝਵਾਨ ਲੋਕਾਂ ਨੂੰ ਕਾਲਜ ਦੀ ਹੋਂਦ ਬਚਾਉਣ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਲਜ ਦੀ ਹੋਂਦ ਖਤਮ ਕਰਨ ਵਾਲੇ ਕਿਸੇ ਵੀ ਲੁਕਵੇਂ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।