ਫ਼ਲਸਤੀਨੀ ਲੋਕਾਂ ਦੇ ਕਤਲਾਂ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 17 ਅਗਸਤ
ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਹੈ ਕਿ ਪਿਛਲੇ 10 ਮਹੀਨਿਆਂ ਤੋਂ ਅਮਰੀਕਾ ਦੀ ਸ਼ਹਿ ਉਪਰ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਤਾਜ਼ਾ ਹਮਲਿਆਂ ਵਿੱਚ ਗਾਜ਼ਾ ਸ਼ਹਿਰ ਦੇ ਅਲ-ਤਾਬਿਨ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਸਕੂਲ ਉਪਰ ਬੰਬ ਸੁੱਟ ਕੇ 80 ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਨਮਾਜ਼ ਪੜ੍ਹਦੇ 100 ਫ਼ਲਸਤੀਨੀ ਮਾਰ ਮੁਕਾਏ ਗਏ। ਇਜ਼ਰਾਈਲੀ ਹਾਕਮਾਂ ਦੇ ਇਸ ਅਣਮਨੁੱਖੀ ਕਾਰੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ 9 ਅਗਸਤ ਤੱਕ ਇਜ਼ਰਾਈਲ-ਹਮਾਸ ਯੁੱਧ ਵਿੱਚ 41,000 ਤੋਂ ਵੱਧ ਲੋਕ ਮਾਰੇ ਗਏ ਹਨ। ਇਸ ਯੁੱਧ ਦੌਰਾਨ 108 ਫ਼ਲਸਤੀਨੀ, 2 ਇਜ਼ਰਾਈਲੀ ਅਤੇ 3 ਲਿਬਨਾਨੀ ਪੱਤਰਕਾਰ ਅਤੇ 224 ਤੋਂ ਵੱਧ ਮਾਨਵਵਾਦੀ ਸਹਾਇਤਾ ਕਰਮਚਾਰੀ ਮਾਰੇ ਜਾ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਬ੍ਰਿਟਿਸ਼ ਮੈਡੀਕਲ ਜਰਨਲ ਦੀ ਚਿਤਾਵਨੀ ਅਨੁਸਾਰ ਗਾਜ਼ਾ ਸੰਘਰਸ਼ ਵਿੱਚ ਮੌਤਾਂ ਦੀ ਅਸਲ ਗਿਣਤੀ 1,86,000 ਤੋਂ ਵੱਧ ਹੋ ਸਕਦੀ ਹੈ, ਜੋ ਗਾਜ਼ਾ ਦੀ ਆਬਾਦੀ ਦਾ 8% ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸ਼ਹਿ ਉਪਰ 3.8 ਬਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਅਤੇ ਆਧੁਨਿਕ ਫ਼ੌਜੀ ਮਸ਼ੀਨਰੀ ਵੇਚ ਕੇ ਅਰਬਾਂ ਖਰਬਾਂ ਡਾਲਰਾਂ ਦੇ ਮੁਨਾਫ਼ੇ ਕਮਾ ਰਿਹਾ ਹੈ। ਉਨ੍ਹਾਂ ਭਾਰਤੀ ਹਕੂਮਤ ਵੱਲੋਂ ਅਮਨ ਦੀ ਫ਼ਰਜ਼ੀ ਦੁਹਾਈ ਪਾ ਕੇ ਇਜ਼ਰਾਈਲੀ ਹਾਕਮਾਂ ਦੀ ਪਿੱਠ ਠੋਕਣ ਦੀ ਵੀ ਨਿੰਦਾ ਕੀਤੀ ਹੈ। ਆਗੂਆਂ ਨੇ ਇਜ਼ਰਾਈਲ ਵੱਲੋਂ ਜੰਗ ਬੰਦ ਕਰਨ ਦੀ ਮੰਗ ਲਈ ਲੋਕਾਂ ਨੂੰ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਹੈ।