ਦਰਿਆਈ ਪਾਣੀਆਂ ਦੀ ਲੜਾਈ ਸਿਆਸੀ ਏਕੇ ਨਾਲ ਲੜਨ ਦਾ ਸੱਦਾ
ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਦੀ ਸਮੁੱਚੀ ਵਿਰੋਧੀ ਧਿਰ ਅਤੇ ਮਾਹਿਰਾਂ ਨੇ ਅੱਜ ਇੱਥੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਵਿਚਾਰ ਵਟਾਂਦਰਾ ਕੀਤਾ ਜਿਸ ’ਚ ਸੂਬੇ ਦੇ ਪਾਣੀਆਂ ਦੇ ਮੁੱਦੇ ’ਤੇ ਨਿਆਂ ਲੈਣ ਲਈ ਅਤੀਤ ਦੀਆਂ ਭੁੱਲਾਂ ਨੂੰ ਦਰਕਨਿਾਰ ਕਰਦੇ ਹੋਏ ਅਗਲੀਆਂ ਪੀੜ੍ਹੀਆਂ ਲਈ ਸਿਆਸੀ ਸੰਜੀਦਗੀ ਅਤੇ ਇਕਜੁੱਟਤਾ ਨਾਲ ਪੰਜਾਬ ਲਈ ਸਾਂਝੀ ਲੜਾਈ ਲੜਨ ਦਾ ਅਹਿਦ ਲਿਆ। ਇਸ ਮੌਕੇ ਪੰਜਾਬ ਸਰਕਾਰ ਨੂੰ ਪਹਿਲ ਕਰਨ ਦਾ ਸੱਦਾ ਦਿੰਦਿਆਂ ਸਿਆਸੀ ਪਾਰਟੀਆਂ, ਸਮਾਜਿਕ ਤੇ ਕਿਸਾਨ ਸੰਗਠਨਾਂ ਨੂੰ ਇਕੱਠੇ ਹੋਣ ਦਾ ਹੋਕਾ ਦਿੱਤਾ ਗਿਆ। ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਸਮਾਜਿਕ ਸੰਸਥਾ ‘ਸਾਰਥੀ’ ਨਾਲ ‘ਪੰਜਾਬ ਦੇ ਪਾਣੀ: ਸੰਕਟ ਦਾ ਸੱਚ’ ਵਿਸ਼ੇ ’ਤੇ ਬਹਿਸ ਕਰਵਾ ਕੇ ਸਮੁੱਚੀ ਵਿਰੋਧੀ ਧਿਰ ਨੂੰ ਇਕੱਠਾ ਕਰਨ ਦਾ ਯਤਨ ਕੀਤਾ ਗਿਆ।
ਇੱਥੇ ਪੰਜਾਬ ਯੂਨੀਵਰਸਿਟੀ ਦੇ ਆਨੰਦ ਆਡੀਟੋਰੀਅਮ ’ਚ ਸਿਆਸੀ ਸ਼ਖ਼ਸੀਅਤਾਂ ਨੂੰ ਵੀ ਸੰਖੇਪ ’ਚ ਬੋਲਣ ਦਾ ਮੌਕਾ ਦਿੱਤਾ ਗਿਆ। ਬੁੱਧੀਜੀਵੀ ਪਿਆਰੇ ਲਾਲ ਗਰਗ ਨੇ ਸਲਾਹ ਦਿੱਤੀ ਕਿ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜਿਸ ਲਈ ਭਾਵੇਂ ਵਿਧਾਨ ਸਭਾ ਸੈਸ਼ਨ ਜਾਂ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀਆਂ ’ਤੇ ਮਾਲਕੀ ਦਾ ਹੱਕ ਛੱਡਣਾ ਨਹੀਂ ਚਾਹੀਦਾ ਕਿਉਂਕਿ ਇਹ ਪਾਣੀ ਸਾਡੇ ਅਰਥਚਾਰਾ ਦਾ ਧੁਰਾ ਹਨ ਅਤੇ ਸੂਬਾ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ।
ਪੱਤਰਕਾਰ ਸੁਖਦੇਵ ਸਿੰਘ ਨੇ ਤੱਥਾਂ ਦੇ ਹਵਾਲੇ ਨਾਲ ਪਾਣੀਆਂ ’ਚ ਹੋਈ ਧੱਕੇਸ਼ਾਹੀ ਦੀ ਗੱਲ ਕੀਤੀ। ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਲੋਕ ਅੰਦੋਲਨ ਛੇੜਨ ਦੀ ਲੋੜ ਹੈ। ਪੰਜਾਬ ਨੂੰ ਬੀਕਾਨੇਰ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੁਰਾਣੇ ਸਮੇਂ ਵਿਚ ਇਸ ਬਾਰੇ ਹੋਇਆ ਸਮਝੌਤਾ ਕਦੇ ਨਵਿਆਇਆ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਨੂੰ ਕਿਸੇ ਕੀਮਤ ’ਤੇ ਪਾਣੀ ਜਾਣ ਨਹੀਂ ਦਿੱਤਾ ਜਾਵੇਗਾ। ਮੰਚ ਸੰਚਾਲਨ ਪੱਤਰਕਾਰ ਹਮੀਰ ਸਿੰਘ ਨੇ ਕੀਤਾ।
ਵਿਚਾਰ ਚਰਚਾ ਵਿਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਪਾਣੀਆਂ ਦੇ ਮੁੱਦੇ ’ਤੇ ਆਪੋ ਆਪਣਾ ਪੱਖ ਪੇਸ਼ ਕੀਤਾ। ਇਸ ਮੌਕੇ ਸੰਸਦ ਮੈਂਬਰ ਅਮਰ ਸਿੰਘ ਤੇ ਮੁਹੰਮਦ ਸਦੀਕ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੰਦੀਪ ਜਾਖੜ, ਬਸਪਾ ਵਿਧਾਇਕ ਡਾ. ਨਛੱਤਰਪਾਲ, ਕੁਲਜੀਤ ਨਾਗਰਾ, ਸਾਬਕਾ ਆਈਏਐੱਸ ਅਧਿਕਾਰੀ ਗੁਰਤੇਜ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਸਾਰਥਿਕ ਮਾਹੌਲ ਬਣਾਉਣ: ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਮੁੱਦੇ ਦੇ ਹੱਲ ਲਈ ਸਾਰਥਿਕ ਮਾਹੌਲ ਬਣਾਉਣ ਤੇ ਸੰਕਟ ਦਾ ਸਾਹਮਣਾ ਕਰਨ ਲਈ ਸਾਰੇ ਜਣੇ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੁੱਖ ਮੰਤਰੀ ਅਗਵਾਈ ਕਰਨ ਅਤੇ ਸਮੁੱਚੇ ਸਿਆਸੀ ਪਰਿਵਾਰ ਨਾਲ ਲੈ ਕੇ ਚੱਲਣ।
ਪੰਜਾਬੀ ਪਹਿਲਾਂ, ਪਾਰਟੀ ਪ੍ਰਧਾਨ ਬਾਅਦ ਵਿੱਚ: ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਪਾਣੀ ਦਾ ਹੱਕ ਮਾਰ ਕੇ ਦੂਸਰੇ ਸੂਬੇ ਨੂੰ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਕਿਸਾਨ ਅਤੇ ਪੰਜਾਬੀ ਪਹਿਲਾਂ ਹਨ ਜਦੋਂ ਕਿ ਪਾਰਟੀ ਵਿੱਚ ਨੇਤਾ ਮਗਰੋਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਟੇਲਾਂ ’ਤੇ ਪਾਣੀ ਨਹੀਂ ਅਤੇ ਜ਼ਮੀਨੀ ਪਾਣੀ ਹੇਠਾਂ ਜਾ ਚੁੱਕਾ ਹੈ। ਪੰਜਾਬ ਵਿਚ ਇਸ ਮੁੱਦੇ ’ਤੇ ਡਟ ਕੇ ਲੜਾਈ ਲੜਨੀ ਪਵੇਗੀ।