ਪੰਥਕ ਸੰਸਥਾਵਾਂ ਆਜ਼ਾਦ ਕਰਾਉਣ ਲਈ ਇਕੱਠੇ ਹੋਣ ਦਾ ਸੱਦਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ
ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੀ ਮੀਟਿੰਗ ਚੇਅਰਮੈਨ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪੰਥ ਦੀਆਂ ਸੰਜੀਦਾ ਧਿਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਨੂੰ ਆਜ਼ਾਦ ਕਰਾਉਣ ਲਈ ਇੱਕ ਮੰਚ ’ਤੇ ਇਕੱਠੇ ਹੋਣ।
ਸ੍ਰੀ ਭੋਮਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਕਠਪੁਤਲੀ ਬਣੀ ਹੋਈ ਹੈ, ਜਿਸ ਕਾਰਨ ਉਸਦੇ ਪ੍ਰਬੰਧਾਂ ਵਿੱਚ ਦਿਨੋ-ਦਿਨ ਨਿਘਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਤੋਂ ਬਾਅਦ ਲੰਗਰ ਦੀਆ ਸੁੱਕੀਆਂ ਰੋਟੀਆਂ ਤੇ ਝੂਠ ਦਾ ਘਪਲਾ ਸਾਹਮਣੇ ਆਉਣ ਤੇ ਕਮੇਟੀ ਦੇ ਕੰਮਕਾਜ ਦੇ ਤਰੀਕਿਆਂ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਬਾਣੀ ਦੇ ਪ੍ਰਸਾਰਨ ਵਾਸਤੇ ਯੂ ਟਿਊਬ ਚੈਨਲ ਚਲਾਉਣ ਦਾ ਫੈਸਲਾ ਕੌਮ ਨੂੰ ਮਨਜ਼ੂਰ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ ਮੁਤਾਬਕ ਆਪਣਾ ਨਿਜੀ ਸੈਟੇਲਾਈਟ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ ।