ਇਨਕਲਾਬੀ ਕੇਂਦਰ ਵੱਲੋਂ ਕੈਨੇਡਾ ’ਚ ਫ਼ਿਰਕੂਵਾਦੀ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦਾ ਸੱਦਾ
ਬਰਨਾਲਾ (ਪਰਸ਼ੋਤਮ ਬੱਲੀ):
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਤੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦੋ ਧਾਰਮਿਕ ਫਿਰਕਿਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਕਾਰਨ ਕੈਨੇਡਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਚਿੰਤਾ ਤੇ ਸਹਿਮ ਦਾ ਮਹੌਲ ਹੈੈ।ਆਗੂਆਂ ਕਿਹਾ ਕਿ ਕੈਨੇਡਾ ਵਿੱਚ ਚੋਣਾਂ ਦਾ ਸਮਾਂ ਨੇੜੇ ਹੈ ਤੇ ਜਿੱਥੇ ਸਥਾਨਕ ਲੋਕਾਂ ਦੇ ਮਹਿੰਗਾਈ, ਬੇਰੁਜ਼ਗਾਰੀ, ਟੈਕਸ ਬੋਝ, ਰਿਹਾਇਸ਼ੀ ਘਰਾਂ ਦਾ ਸੰਕਟ, ਸਿਹਤ ਸਹੂਲਤਾਂ ਦੀ ਘਾਟ ਆਦਿ ਬੁਨਿਆਦੀ ਮੁੱਦਿਆਂ ਵੱਲ ਧਿਆਨ ਦੇਣ ਦੀ ਬਜਾਇ ਟਰੂਡੋ ਸਰਕਾਰ ਲੋਕਾਂ ਨੂੰ ਕੂਟਨੀਤਕ ਵਿਵਾਦਾਂ ਵਿੱਚ ਉਲਝਾਅ ਰਹੀ ਹੈ। ਉੱਥੇ ਭਾਰਤ ਸਰਕਾਰ ਜੋ ਕੈਨੇਡਾ ਵਸਦੇ ਭਾਰਤੀ ਪਰਵਾਸੀਆਂ ਤੇ ਭਾਰਤੀ ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਸਬੰਧੀ ਕਦੇ ਹਰਕਤ ‘ਚ ਨਹੀਂ ਆਉਂਦੀ ਇਸ ਮਸਲੇ ’ਤੇ ਧਰੁਵੀਕਰਨ ਦੀ ਖੇਡ ਖੇਡਣ ਲਈ ਫੌਰੀ ਵਿਸ਼ੇਸ਼ ਟਵੀਟ ਕੀਤਾ ਗਿਆ ਹੈ। ਦੋਵਾਂ ਹਕੂਮਤਾਂ ਦੀ ਇਸ ਸਾਜਿਸ਼ ਦੇ ਬਾਵਜੂਦ ਕਨੇਡਾ ਰਹਿੰਦੇ ਦੋਵੇਂ ਭਾਈਚਾਰਿਆਂ ਵੱਲੋਂ ਸਾਂਝ ਬਣਾਏ ਲਈ ਅੱਗੇ ਆਉਣਾ ਠੀਕ ਦਿਸ਼ਾ ਵਿੱਚ ਬਾਵਕਤ ਚੁੱਕਿਆ ਅਹਿਮ ਕਦਮ ਹੈ। ਆਗੂਆਂ ਕਿਹਾ ਕਿ ਕੈਨੇਡਾ ਅੰਦਰਲੇ ਕੁੱਝ ਧਾਰਮਿਕ ਕੱਟੜਪੰਥੀ ਵਿਅਕਤੀ ਸਰਕਾਰਾਂ ਦੇ ਵੰਡਪਾਊ ਏਜੰਡੇ ਤਹਿਤ ਸਮਾਜ ਵਿੱਚ ਅਸ਼ਾਂਤੀ ਤੇ ਨਫ਼ਰਤ ਫੈਲਾਉਣ ਦਾ ਕਾਰਨ ਬਣ ਰਹੇ ਹਨ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ।