ਅਧਿਆਪਕ ਮਸਲਿਆਂ ਦੇ ਹੱਲ ਲਈ ਸਾਂਝੇ ਸੰਘਰਸ਼ ਦਾ ਸੱਦਾ
ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੂਬਾ ਜਨਰਲ ਸਕੱਤਰ ਬਲਬੀਰ ਲੌਗੋਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕ ਦੀਆਂ ਮੰਗਾਂ/ਮਸਲਿਆਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕਰਦਿਆਂ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਮਸਲੇ ਹੱਲ ਕਰਵਾਉਣ ਲਈ ਸਾਂਝੇ ਸੰਘਰਸ਼ ਕਰਨ ’ਤੇ ਜ਼ੋਰ ਦਿਤਾ। ਅਧਿਆਪਕਾਂ ਦੀਆਂ ਆਰਥਿਕ ਮੰਗਾਂ ਅਤੇ ਅਧਿਆਪਕਾਂ ਦੇ ਖੁਸ ਚੁੱਕੇ ਮਾਣ ਸਨਮਾਨ ਨੂੰ ਬਹਾਲ ਕਰਵਾਉਣ ਲਈ 8 ਅਗਸਤ ਅਤੇ 5 ਸਤੰਬਰ ਨੂੰ ਕੀਤੇ ਜ਼ਿਲ੍ਹਾ ਪੱਧਰੀ ਧਰਨਿਆਂ ਦੀ ਪੜਚੋਲ ਕਰਦਿਆਂ ਇਸ ਉੱਪਰ ਤਸੱਲੀ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਆਪਣੇ ਸਿੱਖਿਆ ਦੇ ਵਪਾਰੀਕਰਨ ਵਾਲੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਮੀਟਿੰਗ ਵਿੱਚ ਪਾਸ ਕੀਤੇ ਵਿਸ਼ੇਸ਼ ਮਤੇ ਰਾਹੀਂ ਕੰਪਿਊਟਰ ਅਧਿਆਪਕਾਂ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ ਵਿੱਚ ਕੀਤੇ ਜਾ ਰਹੀ ਰੈਲੀ, ਪੁਰਾਣੀ ਪੈਨਸ਼ਨ ਬਹਾਲੀ ਮੋਰਚੇ ਵੱਲੋਂ 8 ਅਕਤੂਬਰ ਨੂੰ ਦਿੜ੍ਹਬਾ ਵਿਖੇ ਕੀਤੀ ਜਾ ਰਹੀ ਰੈਲੀ ਅਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਜਾਣ ਵਾਲੀ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।