For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ’ਚ ਕਾਰੋਬਾਰੀ ਨੂੰ ਅਗਵਾ ਕਰ ਕੇ ਮਾਰੀ ਗੋਲੀ

10:14 AM Nov 19, 2023 IST
ਲੁਧਿਆਣਾ ’ਚ ਕਾਰੋਬਾਰੀ ਨੂੰ ਅਗਵਾ ਕਰ ਕੇ ਮਾਰੀ ਗੋਲੀ
Advertisement

ਗਗਨਦੀਪ ਅਰੋੜਾ
ਲੁਧਿਆਣਾ, 18 ਨਵੰਬਰ
ਇਥੇ ਸਭ ਤੋਂ ਭੀੜ ਵਾਲੇ ਇਲਾਕੇ ਨੂਰਵਾਲਾ ਰੋਡ ’ਤੇ ਹੌਜ਼ਰੀ ਫੈਕਟਰੀ ਚਲਾਉਣ ਵਾਲੇ ਕਾਰੋਬਾਰੀ ਸੰਭਵ ਜੈਨ ਨੂੰ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਨੇ ਅਗਵਾ ਕਰ ਲਿਆ। ਇਸ ਦੌਰਾਨ ਉਨ੍ਹਾਂ ਸੰਭਵ ਜੈਨ ਦੀ ਪਤਨੀ ਨੂੰ ਫੋਨ ਕਰ ਕੇ ਨਗਦੀ ਅਤੇ ਗਹਿਣਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਅਗਵਾਕਾਰ ਸੰਭਵ ਨੂੰ ਪਿਸਤੌਲ ਨਾਲ ਡਰਾ ਕੇ ਕਰੀਬ 2-3 ਘੰਟੇ ਸ਼ਹਿਰ ’ਚ ਹੀ ਘੁਮਾਉਂਦੇ ਰਹੇ। ਇਸੇ ਦੌਰਾਨ ਸੰਭਵ ਦੀ ਪਤਨੀ ਨੇ ਕਾਰੋਬਾਰੀ ਤਰੁਣ ਜੈਨ ਬਾਵਾ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਫੋਨ ਕੀਤਾ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਾਲ ਵਿਛਾ ਦਿੱਤਾ। ਜਦੋਂ ਮੁਲਜ਼ਮਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸੰਭਵ ਦੇ ਪੱਟ ’ਤੇ ਗੋਲੀ ਮਾਰ ਕੇ ਉਸ ਨੂੰ ਜਗਰਾਉਂ ਪੁਲ ਕੋਲ ਸੁੱਟ ਦਿੱਤਾ ਅਤੇ ਉਥੋਂ ਉਸ ਦੀ ਕਾਰ ’ਚ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਤਰੁਣ ਜੈਨ ਬਾਵਾ ਉਸ ਦੇ ਪਰਿਵਾਰ ਨਾਲ ਉਥੇ ਪੁੱਜਾ ਜਿਨ੍ਹਾਂ ਉਸ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਡੇ ਸਨਅਤਕਾਰ ਸ਼ਰਮਨ ਜੀ ਫੈਬਰਿਕਸ ਦੇ ਮਾਲਕ ਪ੍ਰੇਮ ਸਾਗਰ ਜੈਨ ਦੇ ਭਤੀਜੇ ਤੇ ਜੈਨ ਹੌਜ਼ਰੀ ਦੇ ਮਾਲਕ ਸੰਭਵ ਜੈਨ ਦੀ ਨੂਰਵਾਲਾ ਰੋਡ ’ਤੇ ਫੈਕਟਰੀ ਹੈ। ਬੀਤੀ ਰਾਤ ਕਰੀਬ 8 ਵਜੇ ਉਹ ਆਪਣੀ ਕਾਰ ’ਚ ਫੈਕਟਰੀ ਤੋਂ ਨਿਕਲਿਆ ਸੀ। ਕੁਝ ਹੀ ਦੂਰੀ ’ਤੇ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸੰਭਵ ਨੇ ਮੁਲਜ਼ਮਾਂ ਨਾਲ ਗੱਲਬਾਤ ਕਰਨੀ ਚਾਹੀ ਪਰ ਮੁਲਜ਼ਮਾਂ ਨੇ ਉਨ੍ਹਾਂ ਕੋਈ ਮੌਕਾ ਨਹੀਂ ਦਿੱਤਾ ਤੇ ਹਥਿਆਰ ਦਿਖਾ ਕੇ ਉਸ ਨੂੰ ਉਸੇ ਦੀ ਹੀ ਕਾਰ ਵਿੱਚ ਅਗਵਾ ਕਰ ਕੇ ਲੈ ਗਏ। ਮੁਲਜ਼ਮਾਂ ਨੇ ਸੰਭਵ ਦੇ ਫੋਨ ਤੋਂ ਉਸ ਦੀ ਪਤਨੀ ਨੂੰ ਫੋਨ ਕਰ ਕੇ ਨਗਦੀ ਤੇ ਗਹਿਣਿਆਂ ਦੀ ਮੰਗ ਕੀਤੀ।
ਏਸੀਪੀ ਨਾਰਥ ਸੁਮਿਤ ਸੂਦ ਨੇ ਦੱਸਿਆ ਕਿ ਕਾਰੋਬਾਰੀ ਸੰਭਵ ਜੈਨ ਦੀ ਹਾਲਤ ਠੀਕ ਹੈ। ਅਗਵਾ ਕਰਨ ਵਾਲਿਆਂ ਦੀ ਪਛਾਣ ਹਾਲੇ ਪਤਾ ਨਹੀਂ ਲੱਗ ਸਕੀ। ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Author Image

Advertisement
Advertisement
×