ਹਰਿਦੁਆਰ ਤੋਂ ਜੰਮੂ ਜਾ ਰਹੀ ਬੱਸ ਨੂੰ ਟਰਾਲੇ ਨੇ ਟੱਕਰ ਮਾਰੀ
ਗਗਨਦੀਪ ਅਰੋੜਾ
ਲੁਧਿਆਣਾ, 3 ਸਤੰਬਰ
ਜੰਮੂ ਦੇ ਕਠੂਆ ਤੋਂ ਦੋ ਦਿਨ ਪਹਿਲਾਂ ਹਰਿਦੁਆਰ ਵਿੱਚ ਗੰਗਾ ’ਚ ਇਸ਼ਨਾਨ ਕਰਨ ਮਗਰੋਂ ਜੰਮੂ ਵਾਪਸ ਜਾ ਰਹੇ ਯਾਤਰੀਆਂ ਦੀ ਬੱਸ ਨੂੰ ਜਲੰਧਰ ਬਾਈਪਾਸ ਨੇੜੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਖੜ੍ਹੀ ਬੱਸ ਪਲਟ ਗਈ। ਟਰਾਲੇ ਦਾ ਡਰਾਈਵਰ ਹਾਦਸੇ ਤੋਂ ਤੁਰੰਤ ਬਾਅਦ ਟਰਾਲਾ ਛੱਡ ਕੇ ਭੱਜ ਗਿਆ। ਯਾਤਰੀਆਂ ਦੇ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਜਿਸ ਮਗਰੋਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਐਂਬੂਲੈਂਸਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਡਰਾਈਵਰ ਅਤੇ ਇੱਕ ਹੋਰ ਯਾਤਰੀ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਬਾਕੀ 32 ਜ਼ਖਮੀਆਂ ਯਾਤਰੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਬੱਸ ਵਿੱਚ ਜੰਮੂ ਦੇ ਕਠੂਆ ਸਥਿਤ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬੱਸ ਐਤਵਾਰ ਸਵੇਰੇ 44 ਯਾਤਰੀਆਂ ਨੂੰ ਲੈ ਕੇ ਜੰਮੂ ਤੋਂ ਹਰਿਦੁਆਰ ਲਈ ਰਵਾਨਾ ਹੋਈ ਸੀ। ਸੋਮਵਾਰ ਨੂੰ ਸਾਰੇ ਯਾਤਰੀਆਂ ਨੇ ਸੋਮਵਤੀ ਮੱਸਿਆ ’ਤੇ ਇਸ਼ਨਾਨ ਕਰਕੇ ਵਾਪਸ ਕਠੂਆ ਲਈ ਰਵਾਨਾ ਹੋਏ। ਸਵੇਰੇ 3 ਵਜੇ ਦੇ ਕਰੀਬ ਬੱਸ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁੱਜੀ ਤਾਂ ਪੈਂਚਰ ਹੋ ਗਈ। ਬੱਸ ਦਾ ਡਰਾਈਵਰ ਦੋ-ਤਿੰਨ ਯਾਤਰੀਆਂ ਨਾਲ ਖੜ੍ਹ ਕੇ ਟਾਇਰ ਬਦਲ ਰਿਹਾ ਸੀ ਕਿ ਇਸ ਦੌਰਾਨ ਦੋਰਾਹਾ ਸਾਈਡ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਤੇਜ਼ ਰਫ਼ਤਾਰ ਟਰਾਲਾ ਬੇਕਾਬੂ ਹੋ ਕੇ ਸਿੱਧਾ ਬੱਸ ਨਾਲ ਜਾ ਟਕਰਾਇਆ। ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਡਰਾਈਵਰ ਦਵਿੰਦਰ ਕੁਮਾਰ, ਇੰਦਰਜੀਤ ਕੁਮਾਰ ਅਤੇ ਸੁਰੇਸ਼ ਕੁਮਾਰ ਇਸ ਦੀ ਲਪੇਟ ਵਿੱਚ ਆ ਗਏ ਜਦਕਿ ਬੱਸ ਵਿੱਚ ਸਵਾਰ ਬਾਕੀ ਯਾਤਰੀ ਜ਼ਖ਼ਮੀ ਹੋ ਗਏ। ਟੱਕਰ ਤੋਂ ਬਾਅਦ ਬੱਸ ਪਲਟ ਗਈ ਅਤੇ ਟਰਾਲਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਰਾਲੇ ਦਾ ਡਰਾਈਵਰ ਕੁਝ ਸਮੇਂ ਬਾਅਦ ਉੱਥੋਂ ਗਾਇਬ ਹੋ ਗਿਆ। ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਯਾਤਰੀ ਸੁਰੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਡਰਾਈਵਰ ਦਵਿੰਦਰ ਕੁਮਾਰ ਤੇ ਸਾਥੀ ਇੰਦਰਜੀਤ ਕੁਮਾਰ ਦੀ ਹਾਲਤ ਨਾਜ਼ੁਕ ਹੈ। ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ, ਪਰ ਪਰਿਵਾਰ ਦੀ ਸਹਿਮਤੀ ਨਾਲ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਬਾਕੀ 32 ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਮ੍ਰਿਤਕ ਸੁਰੇਸ਼ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।